ਪ੍ਰਭੂ ਦਿਆਲ
ਸਿਰਸਾ, 25 ਅਗਸਤ
ਸ਼ਾਮਲਾਟ ਤੇ ਮੁਸ਼ਤਰਕਾ ਮਾਲਕਾਨਾ ਦੇਹ ਜ਼ਮੀਨ ਕਾਸ਼ਤਕਾਰਾਂ ਤੋਂ ਵਾਪਸ ਲੈਣ ਵਿਰੁੱਧ ਅਤੇ ਹੋਰਨਾਂ ਮੰਗਾਂ ਮੰਨਵਾਉਣ ਲਈ ਅੱਜ ਕਿਸਾਨਾਂ ਵੱਲੋਂ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਬਿਜਲੀ ਮੰਤਰੀ ਰਣਜੀਤ ਚੌਟਾਲਾ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਮਾਰਚ ਕੀਤਾ ਗਿਆ। ਪੁਲੀਸ ਵੱਲੋਂ ਇਥੇ ਬਾਬਾ ਭੂਮਣ ਸ਼ਾਹ ਚੌਕ ’ਤੇ ਕੀਤੀ ਗਈ ਬੈਰੀਕੇਡਿੰਗ ’ਤੇ ਕਿਸਾਨਾਂ ਨੂੰ ਰੋਕ ਲਿਆ ਗਿਆ, ਜਿਸ ਵਿਰੁੱਧ ਕਿਸਾਨਾਂ ਨੇ ਉਸੇ ਥਾਂ ’ਤੇ ਦੋ ਦਿਨਾਂ ਲਈ ਧਰਨਾ ਆਰੰਭ ਦਿੱਤਾ ਹੈ। ਧਰਨਾਕਾਰੀਆਂ ਨੇ ਪ੍ਰਣ ਲਿਆ ਕਿ ਇਨ੍ਹਾਂ ਦੋ ਦਿਨਾਂ ਦੌਰਾਨ ਸਿਰਫ਼ ਬਿਜਲੀ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਘਰੋਂ ਆਈ ਰੋਟੀ ਹੀ ਖਾਣਗੇ ਤੇ ਜੇਕਰ ਰੋਟੀ ਨਹੀਂ ਭੇਜੀ ਜਾਂਦੀ ਤਾਂ ਦੋ ਦਿਨ ਉਹ ਭੁੱਖੇ ਹੀ ਧਰਨਾ ਦੇਣਗੇ।
ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਅੱਜ ਵੱਡੀ ਗਿਣਤੀ ਕਿਸਾਨ ਸਵੇਰੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਇਕੱਠੇ ਹੋਏ, ਜਿਥੋਂ ਉਹ ਨਾਅਰੇਬਾਜ਼ੀ ਕਰਦੇ ਹੋਏ ਬਾਬਾ ਭੂਮਣ ਸ਼ਾਹ ਚੌਕ ’ਤੇ ਪੁੱਜੇ, ਜਿਥੇ ਪੁਲੀਸ ਨੇ ਕਿਸਾਨਾਂ ਨੂੰ ਬੈਰੀਕੇਡ ਲਾ ਕੇ ਰੋਕ ਲਿਆ। ਉਪਰੰਤ ਕਿਸਾਨਾਂ ਨੇ ਸੜਕ ’ਤੇ ਹੀ ਧਰਨਾ ਸ਼ੁਰੂ ਕਰ ਦਿੱਤਾ। ਕੁਝ ਦੇਰ ਮਗਰੋਂ ਬੈਰੀਕੇਡਿੰਗ ਹਟਾਉਣ ਮਗਰੋਂ ਕਿਸਾਨਾਂ ਨੇ ਮੁੜ ਉਪ ਮੁੱਖ ਮੰਤਰੀ ਦੇ ਘਰ ਵੱਲ ਵਧਣਾ ਸ਼ੁਰੂ ਕੀਤਾ, ਪਰ ਪੁਲੀਸ ਨੇ ਉਪ ਮੁੱਖ ਮੰਤਰੀ ਦੇ ਘਰ ਨੇੜੇ ਪਹਿਲਾਂ ਤੋਂ ਕੀਤੀ ਨਾਕਾਬੰਦੀ ’ਤੇ ਕਿਸਾਨਾਂ ਨੂੰ ਰੋਕ ਲਿਆ। ਕਿਸਾਨਾਂ ਦਾ ਧਰਨਾ ਹੁਣ ਇਸੇ ਥਾਂ ’ਤੇ ਚੱਲ ਰਿਹਾ ਹੈ। ਕਿਸਾਨਾਂ ਸ਼ਾਮਲਾਟ ਤੇ ਮੁਸ਼ਤਰਕਾ ਮਾਲਕਾਨਾ ਦੇਹ ਜ਼ਮੀਨ ਉਨ੍ਹਾਂ ਤੋਂ ਵਾਪਸ ਲਏ ਜਾਣ ਦਾ ਵਿਰੋਧ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਗੁਲਾਬੀ ਸੁੰਡੀ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਸਰਕਾਰ ਅੱਗੇ ਰੱਖੀਆਂ ਮੰਗਾਂ ਮੰਨਣ ਦੀ ਵੀ ਮੰਗ ਕੀਤੀ ਹੈ।