ਰਤਨ ਸਿੰਘ ਢਿੱਲੋਂ
ਅੰਬਾਲਾ, 20 ਮਈ
ਇੱਥੋਂ ਦੇ ਸ਼ੰਭੂ ਟੌਲ ਪਲਾਜ਼ਾ ’ਤੇ ਹੁਣ ਸਿੰਘੂ ਬਾਰਡਰ ਵਰਗਾ ਨਜ਼ਾਰਾ ਨਜ਼ਰ ਆ ਰਿਹਾ ਹੈ। ਇਥੇ ਭਾਰਤੀ ਕਿਸਾਨ ਯੂਨੀਅਨ ਨੇ ਸ਼ਾਮਿਆਨਿਆਂ ਦੀ ਥਾਂ ਹੁਣ ਪੱਕੇ ਸ਼ੈੱਡ ਪਾ ਲਏ ਹਨ। ਮੌਸਮ ਖਰਾਬ ਹੋਣ ’ਤੇ ਉਨ੍ਹਾਂ ਨੂੰ ਤੰਬੂਆਂ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕੱਲ੍ਹ ਰਾਤ ਸ਼ੰਭੂ ਬਾਰਡਰ ਤੇ ਕਾਫੀ ਹਲਚਲ ਰਹੀ। ਕਿਸਾਨਾਂ ਨੇ ਰਾਤੋ ਰਾਤ ਤਿੰਨ ਪੱਕੇ ਸ਼ੈਡ ਬਣਾ ਕੇ ਇਹ ਸੰਦੇਸ਼ ਦਿੱਤਾ ਹੈ ਕਿ ਜਦ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਕਿਸਾਨ ਆਗੂ ਬਲਜਿੰਦਰ ਸਿੰਘ ਕੰਬੋਜ ਨੇ ਕਿਹਾ ਕਿ ਸ਼ਾਇਦ ਉਨ੍ਹਾਂ ਨੂੰ 2024 ਤੱਕ ਬੈਠਣਾ ਪਵੇ ਇਸ ਲਈ ਪੱਕੇ ਸ਼ੈਡ ਬਣਾ ਕੇ ਆਪਣਾ ਇੰਤਜ਼ਾਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਾਤ 9 ਵਜੇ ਪੁਲੀਸ ਨੇ ਆ ਕੇ ਸ਼ੈੱਡ ਪਾਉਣ ਦਾ ਕੰਮ ਰੁਕਵਾਇਆ ਸੀ ਪਰ ਉੱਚ ਅਧਿਕਾਰੀਆਂ ਨੂੰ ਸਮਝਾ ਦਿੱਤਾ ਗਿਆ ਸੀ ਕੰਬੋਜ ਨੇ ਮੰਗ ਕੀਤੀ ਕਿ ਇਥੇ 24 ਘੰਟੇ ਲੰਗਰ ਚਲਦਾ ਹੈ, ਕਈ ਲੋਕ ਪਰਿਵਾਰਾਂ ਸਣੇ ਰੁਕਦੇ ਹਨ, ਇਸ ਲਈ ਪ੍ਰਸ਼ਾਸਨ ਨੂੰ ਇਥੇ ਪਖਾਨੇ ਬਣਾਉਣੇ ਚਾਹੀਦੇ ਹਨ।
ਕਿਸਾਨਾਂ ਦੇ ਜਥੇ ਦਿੱਲੀ ਧਰਨੇ ਲਈ ਰਵਾਨਾ
ਕੁਰਾਲੀ (ਮਿਹਰ ਸਿੰਘ): ਨੇੜਲੇ ਪਿੰਡ ਬੜੌਦੀ ਦੇ ਟੌਲ ਪਲਾਜ਼ਾ ਤੋਂ ਕਿਸਾਨਾਂ ਦਾ ਜਥਾ ਲੋਕ ਹਿੱਤ ਮਿਸ਼ਨ ਦੇ ਝੰਡੇ ਹੇਠ ਦਿੱਲੀ ਧਰਨੇ ਲਈ ਰਵਾਨਾ ਹੋਇਆ। ਇਸੇ ਤਹਿਤ ਪਿੰਡ ਹੁਸ਼ਿਆਰਪੁਰ ਦੇ ਸਰਪੰਚ ਗੁਰਮੇਲ ਸਿੰਘ ਤੇ ਗੁਰਦੀਪ ਸਿੰਘ ਦੀ ਅਗਵਾਈ ਵਿੱਚ ਟੌਲ ਪਲਾਜ਼ਾ ਬੜੌਦੀ ਤੋਂ ਕਿਸਾਨਾਂ ਦਾ ਜਥਾ ਦਿੱਲੀ ਸਥਿਤ ਸਿੰਘੂ ਬਾਰਡਰ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਸਾਂਟੂ, ਰਵਿੰਦਰ ਸਿੰਘ ਵਜੀਦਪੁਰ, ਸਰਪੰਚ ਹਰਜੀਤ ਸਿੰਘ ਢਕੋਰਾਂ ਤੇ ਬਿੰਦਾ ਬੜੌਦੀ ਹਾਜ਼ਰ ਸਨ।
26 ਨੂੰ ਸਾੜੇ ਜਾਣਗੇ ਪ੍ਰਧਾਨ ਮੰਤਰੀ ਦੇ ਪੁਤਲੇ
ਖਮਾਣੋਂ (ਜਗਜੀਤ ਕੁਮਾਰ): ਸੰਯੁਕਤ ਕਿਸਾਨ ਮੋਰਚਾ ਬਲਾਕ ਖਮਾਣੋਂ ਦੀ ਮੀਟਿੰਗ ਗੁਰਦੁਆਰਾ ਸ੍ਰੀ ਗੋਬਿੰਦਗੜ੍ਹ ਸਾਹਿਬ ਰਾਣਵਾਂ ਵਿੱਚ ਹੋਈ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਸੰਯੁਕਤ ਮੋਰਚੇ ਦੇ ਸੱਦੇ ਉੱਤੇ 26 ਮਈ ਨੂੰ ਬਲਾਕ ਖਮਾਣੋਂ ਦੇ ਪਿੰਡਾਂ ਵਿੱਚ ਦੁਪਹਿਰ 12 ਵਜੇ ਤਕ ਕਾਲੇ ਝੰਡੇ ਲਹਿਰਾ ਕੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਜਾਣਗੇ ਉੱਥੇ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਬਲਾਕ ਖਮਾਣੋਂ, ਭੜ੍ਹੀ, ਖੇੜ੍ਹੀ ਨੌਧ ਸਿੰਘ ਅਤੇ ਸੰਘੋਲ ਵਿੱਚ ਸ਼ਾਮ 4 ਵਜੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਜਾਣਗੇ।
ਪੰਜਾਬ ਦੇ ਕਿਸਾਨਾਂ ਦਾ ਜਥਾ ਸ਼ੰਭੂ ਟੌਲ ਪਲਾਜ਼ਾ ਪਹੁੰਚਿਆ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਪੰਜਾਬ ਦੇ ਕਿਸਾਨਾਂ ਦਾ ਜਥਾ ਦਿੱਲੀ ਜਾਂਦਿਆਂ ਕੁਝ ਸਮੇਂ ਲਈ ਸ਼ੰਭੂ ਟੌਲ ਪਲਾਜ਼ਾ ਤੇ ਰੁਕਿਆ ਅਤੇ ਧਰਨੇ ਵਿਚ ਬੈਠ ਕੇ ਹਰਿਆਣਾ ਦੇ ਕਿਸਾਨਾਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਤੇ ਪੰਜਾਬ-ਹਰਿਆਣਾ ਕਿਸਾਨ ਏਕਤਾ ਅਤੇ ਪੰਜਾਬ-ਹਰਿਆਣਾ ਭਾਈਚਾਰਾ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ।ਕਿਸਾਨ ਆਗੂ ਜੈ ਸਿੰਘ ਨੇ ਪੰਜਾਬ ਦੇ ਆਗੂਆਂ ਨੂੰ ਸਿਰੋਪੇ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਕਿਸਾਨ ਆਗੂ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਲਗਤਾਰ ਜਥੇ ਆਉਂਦੇ ਰਹਿਣਗੇ। ਇਸ ਨਾਲ ਜੋ ਕਿਸਾਨ ਪੱਕੇ ਤੌਰ ਤੇ ਉਥੇ ਬਾਰਡਰ ਤੇ ਬੈਠੇ ਹਨ, ਉਨ੍ਹਾਂ ਨੂੰ ਹੌਸਲਾ ਮਿਲੇਗਾ ਅਤੇ ਸਰਕਾਰ ਦਾ ਭਰਮ ਵੀ ਦੂਰ ਹੋ ਜਾਵੇਗਾ ਕਿ ਕਿਸਾਨ ਅੰਦੋਲਨ ਮੱਠਾ ਪੈ ਗਿਆ ਹੈ। ਉਸ ਦਾ ਕਹਿਣਾ ਸੀ ਕਿ ਆਉਣ ਵਾਲੇ 5-7 ਦਿਨਾਂ ਵਿਚ ਪੰਜਾਬ ਦੇ ਕਿਸਾਨ ਬਹੁਤ ਤਾਦਾਦ ਵਿਚ ਦਿੱਲੀ ਪਹੁੰਚਣਗੇ।