ਦਵਿੰਦਰ ਸਿੰਘ/ਪ੍ਰਭੂ ਦਿਆਲ
ਯਮੁਨਾਨਗਰ/ਸਿਰਸਾ, 18 ਜੂਨ
ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਕਿਸਾਨਾਂ ਨੇ ਯਮੁਨਾਨਗਰ ਵਿੱਚ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਅਤੇ ਸਿਰਸਾ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਆਦਿਤਿਆ ਚੌਟਾਲਾ ਦੇਵੀ ਲਾਲ ਸਮੇਤ ਕਈ ਹੋਰ ਆਗੂਆਂ ਨੂੰ ਕਾਲੇ ਝੰਡੇ ਦਿਖਾਏ। ਕਿਸਾਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਭਾਜਪਾ-ਜਜਪਾ ਆਗੂਆਂ ਦੇ ਬਾਈਕਾਟ ਜਾਰੀ ਰਹੇਗਾ।
ਯਮੁਨਾਨਗਰ ਵਿੱਚ ਅੱਜ ਕਸ਼ਟ ਨਿਵਾਰਣ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਮਿਨੀ ਸਕੱਤਰੇਤ ਪਹੁੰਚੇ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਦਾ ਕਿਸਾਨਾਂ ਨੇ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ। ਜਾਣਕਾਰੀ ਅਨੁਸਾਰ ਅੱਜ ਜਿਵੇਂ ਹੀ ਖੇਡ ਮੰਤਰੀ ਸੰਦੀਪ ਸਿੰਘ ਮਿਨੀ ਸਕੱਤਰੇਤ ਪਹੁੰਚੇ ਤਾਂ ਵੱਡੀ ਗਿਣਤੀ ਕਿਸਾਨ ਪੁਲੀਸ ਬੈਰੀਕੇਡ ’ਤੇ ਚੜ੍ਹ ਗਏ ਅਤੇ ਉਨ੍ਹਾਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮੰਤਰੀ ਨੂੰ ਕਾਲੇ ਝੰਡੇ ਦਿਖਾਏ। ਇਸ ਦੌਰਾਨ ਮੇਅਰ ਮਦਨ ਚੌਹਾਨ ਦੀ ਗੱਡੀ ਆਈ ਤਾਂ ਕਿਸਾਨਾਂ ਨੇ ਉਸ ਦਾ ਵੀ ਘਿਰਾਓ ਕੀਤਾ। ਮੇਅਰ ਨੇ ਬੜੀ ਮੁਸ਼ਕਿਲ ਨਾਲ ਭੀੜ ’ਚੋਂ ਗੱਡੀ ਕੱਢੀ ਤੇ ਰਵਾਨਾ ਹੋ ਗਏ। ਐੱਸਪੀ ਕਮਲਦੀਪ ਗੋਇਲ ਨੇ ਵੀ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ ਕੀਤੀ ਪਰ ਕਿਸਾਨ ਗੱਲਬਾਤ ਲਈ ਰਾਜ਼ੀ ਨਹੀਂ ਸਨ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਗੁੱਜਰ, ਸੰਜੂ ਗੁੰਦਿਆਨਾ ਅਤੇ ਮਨਦੀਪ ਰੋਡ ਛੱਪਰ ਨੇ ਕਿਹਾ ਕਿ ਕਿਸਾਨਾਂ ਨੂੰ ਖੇਡ ਮੰਤਰੀ ਦੇ ਆਉਣ ਦੀ ਸੂਚਨਾ ਮਿਲਣ ’ਤੇ ਉਨ੍ਹਾਂ ਪਹਿਲਾਂ ਹੀ ਇੱਕ ਰਣਨੀਤੀ ਤਹਿਤ ਵਿਰੋਧ ਕਰਨ ਦਾ ਫੈਸਲਾ ਕਰ ਲਿਆ ਸੀ।
ਇਸੇ ਤਰ੍ਹਾਂ ਸਿਰਸਾ ਵਿੱਚ ਕਿਸਾਨਾਂ ਨੂੰ ਅੱਜ ਦੁਪਹਿਰ ਬਾਅਦ ਜਿਉਂ ਹੀ ਪਤਾ ਲੱਗਿਆ ਕਿ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਆਦਿਤਿਆ ਚੌਟਾਲਾ ਦੇਵੀ ਲਾਲ ਹੁੱਡਾ ਸਥਿਤ ਇਕ ਕੰਪਲੈਕਸ ਵਿੱਚ ਭਾਜਪਾ ਕਾਰਕੁਨਾਂ ਨਾਲ ਮੀਟਿੰਗ ਕਰਨ ਵਾਲੇ ਹਨ ਤਾਂ ਕਿਸਾਨ ਹੱਥਾਂ ਵਿੱਚ ਕਾਲੇ ਝੰਡੇ ਲੈ ਕੇ ਹੁੱਡਾ ਸਥਿਤ ਕੰਪਲੈਕਸ ਪਹੁੰਚ ਗਏ ਤੇ ਭਾਜਪਾ ਆਗੂਆਂ ਨੂੰ ਕਾਲੇ ਝੰਡੇ ਦਿਖਾਉਂਦਿਆਂ ਨਾਅਰੇਬਾਜ਼ੀ ਕੀਤੀ।
ਕਿਸਾਨ ਆਗੂ ਗੁਰਦੀਪ ਸਿੰਘ ਗਿੱਲ ਨੇ ਕਿਹਾ ਕਿ ਕਿਸਾਨ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਜਾਰੀ ਰੱਖਣਗੇ ਅਤੇ ਜੇ ਕਿਸੇ ਤਰ੍ਹਾਂ ਦੀ ਕੋਈ ਹਿੰਸਾਤਮਕ ਘਟਨਾ ਵਾਪਰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਭਾਜਪਾ-ਜਜਪਾ ਆਗੂਆਂ ਦੀ ਹੋਵੇਗੀ। ਇਸੇ ਦੌਰਾਨ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫ਼ਿਆਂ ਦੀ ਮੰਗ ਸਬੰਧੀ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਚੱਲ ਰਿਹਾ ਪੱਕਾ ਮੋਰਚਾ ਅੱਜ ਨੌਵੇਂ ਮਹੀਨੇ ’ਚ ਦਾਖ਼ਲ ਹੋ ਗਿਆ ਹੈ।