ਦੇਵਿੰਦਰ ਸਿੰਘ
ਯਮੁਨਾਨਗਰ, 19 ਦਸੰਬਰ
ਜ਼ਿਲ੍ਹਾ ਸਕੱਤਰੇਤ ਸਾਹਮਣੇ ਅੱਜ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਐੱਸਵਾਈਐੱਲ ਦਾ ਪਾਣੀ ਹਰਿਆਣਾ ਨੂੰ ਦੇਣ ਦੇ ਮੁੱਦੇ ’ਤੇ ਭੁੱਖ ਹੜਤਾਲ ਕਰ ਰਹੇ ਭਾਜਪਾ ਆਗੂਆਂ ਅੱਗੇ ਦਾਦੂਪੁਰ ਨਲਵੀ ਨਹਿਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕਿਸਾਨ ਵੀ ਪਹੁੰਚ ਗਏ। ਦੋਵਾਂ ਪਾਸਿਆਂ ਤੋਂ ਨਾਅਰੇਬਾਜ਼ੀ ਸ਼ੁਰੂ ਹੋ ਗਈ। ਭਾਰੀ ਗਿਣਤੀ ਵਿੱਚ ਪੁਲੀਸ ਨੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਹੱਥੋ-ਪਾਈ ਹੋਣ ਤੋਂ ਬਚਾਇਆ, ਪਰ ਕਿਸਾਨਾਂ ਨੇ ਕੌਮੀ ਮਾਰਗ ’ਤੇ ਜਾਮ ਲਗਾ ਦਿੱਤਾ। ਯਮੁਨਾਨਗਰ ਦੇ ਵਿਧਾਇਕ ਘਣਸ਼ਾਮ ਦਾਸ ਦਾ ਕਹਿਣਾ ਸੀ ਕਿ ਐਸਵਾਈਐਲ ਦੇ ਪਾਣੀ ਤੇ ਹਰਿਆਣਾ ਦਾ ਵੀ ਹੱਕ ਹੈ ਜੋ ਕਿ ਪੰਜਾਬ ਸਰਕਾਰ ਨਹੀਂ ਦੇ ਰਹੀ ਹੈ ਅਤੇ ਦੂਜੇਪਾਸੇ ਖੇਤੀ ਬਿਲਾਂ ਨੂੰ ਲੈ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਦੂਜੇ ਪਾਸੇ ਦਾਦੂਪੁਰ ਨਲਵੀ ਨਹਿਰ ਸੰਘਰਸ਼ ਕਮੇਟੀ ਦੇ ਆਗੂਆਂ ਦਾ ਕਹਿਣਾ ਸੀ ਕਿ ਇੱਕ ਪਾਸੇ ਤਾਂ ਹਰਿਆਣਾ ਸਰਕਾਰ ਨੇ ਦਾਦੂਪੁਰ ਨਲਵੀ ਨਹਿਰ ਨੂੰ ਬੰਦ ਕਰਵਾ ਦਿੱਤਾ, ਦੂਜੇ ਪਾਸੇ ਝੂਠੀ ਵਾਹ ਵਾਹ ਖੱਟਣ ਲਈ ਭਾਜਪਾ ਵੱਲੋਂ ਐੱਸਵਾਈਐਲ ਦੇ ਨਾਂ ’ਤੇ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਵਿੱਚ ਮਨਦੀਪ ਸਿੰਘ ਰੋਡ ਛੱਪਰ, ਅਰਜੁਨ ਸੁਢੈਲ ਅਤੇ ਰਾਜੇਸ਼ ਤਿਆਗੀ ਸ਼ਾਮਲ ਸਨ। ਉਨ੍ਹਾਂ ਨੇ ਇਸ ਨੂੰ ਨਕਲੀ ਕਿਸਾਨਾਂ ਦੀ ਹੜਤਾਲ ਕਰਾਰ ਦਿੰਦਿਆਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਦਾਦੂਪੁਰ ਨਲਵੀ ਨਹਿਰ ਨੂੰ ਮੁੜ ਚਾਲੂ ਕਰਨ ਦੀ ਮੰਗ ਕੀਤੀ। ਇਸ ਦੌਰਾਨ ਪੁਲੀਸ ਸੁਪਰਡੈਂਟ ਕਮਲਦੀਪ ਅਤੇ ਉਪ ਮੰਡਲ ਅਧਿਕਾਰੀ ਸ੍ਰੀ ਬਿਸ਼ਨੋਈ ਨੇ ਦੋਹਾਂ ਧਿਰਾਂ ਨੂੰ ਸਮਝਾਊਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਵੀ ਝੁਕਣ ਲਈ ਤਿਆਰ ਨਹੀਂ ਸੀ।