ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਦਸੰਬਰ
ਦਿੱਲੀ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਦੇ ਮੋਰਚਿਆਂ ਉਪਰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਕਿਸਾਨਾਂ ਨੂੰ ਸਾਲ ਭਰ ਇਨ੍ਹਾਂ ਮੋਰਚਿਆਂ ਉਪਰ ਇਕੱਠਿਆਂ ਬਿਤਾਇਆ ਸਮਾਂ ਕਦੇ ਨਹੀਂ ਭੁੱਲੇਗਾ। ਕਿਸਾਨ ਆਪਣਾ ਸਾਮਾਨ ਸਾਂਭਦੇ ਹੋਏ ਭਾਵੁਕ ਵੀ ਹੋ ਰਹੇ ਸਨ ਤੇ ਅੱਗੋਂ ਵੀ ਸੰਪਰਕ ਵਿੱਚ ਰਹਿਣ ਲਈ ਵਾਅਦੇ ਕੀਤੇ ਗਏ। ਮੋਰਚਿਆਂ ’ਤੇ ਯੂਨੀਅਨਾਂ ਦੇ ਵਾਲੰਟੀਅਰਾਂ ਲਈ ਇਹ ਸਮਾਂ ਯਾਦਗਾਰੀ ਹੋ ਨਿੱਬੜਿਆ ਹੈ। ਵੱਖ-ਵੱਖ ਪ੍ਰਬੰਧ ਦੇਖ ਰਹੇ ਹਰਿਆਣਾ ਦੇ ਕਿਸਾਨ ਰਣਬੀਰ ਸਿੰਘ ਮਲਿਕ, ਜੋ 11 ਦਸੰਬਰ 2020 ਤੋਂ ਸਿੰਘੂ ’ਤੇ ਜਲੇਬੀਆਂ ਦਾ ਲੰਗਰ ਲਾ ਰਹੇ ਸਨ, ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਹੁਣ ਟੁੱਟਿਆ ਭਾਈਚਾਰਾ ਮਿਲ ਗਿਆ ਹੈ ਤੇ ਇਹ ਖੁਸ਼ੀ ਦਾ ਪਲ਼ ਹੈ। ਉਨ੍ਹਾਂ ਕਿਹਾ ਕਿ ਹਿੰਦੂ-ਸਿੱਖ ਹੁਣ ਮਿਲੇ ਹਨ। ਸੋਨੀਪਤ ਦੇ ਸਮੁੰਦਰ ਸਿੰਘ ਨੇ ਕਿਹਾ ਕਿ ਕਈ ਦਿਨ ਜੀਅ ਨਹੀਂ ਲੱਗੇਗਾ ਤੇ ਸਾਥੀ ਕਿਸਾਨ ਵਿੱਛੜ ਜਾਣਗੇ। ਹੁਣ ਫਿਰਕੀ ਲੀਹਾਂ ਉਪਰ ਕਿਸਾਨਾਂ ਨੂੰ ਕੋਈ ਨਹੀਂ ਵੰਡ ਸਕਦਾ ਕਿਉਂਕਿ 36 ਬਰਾਦਰੀਆਂ ਨਾਲ ਆ ਗਈਆਂ ਹਨ। ਮਾਲੇਰਕੋਟਲਾ ਦੇ ਝੱਲ ਪਿੰਡ ਦੇ ਬਜ਼ੁਰਗ ਸੁਲੱਖਣ ਸਿੰਘ ਨੇ ਕਿਹਾ ਕਿ ਕਿਸਾਨ ਖਾਲੀ ਹੱਥ ਵਾਪਸ ਨਹੀਂ ਜਾ ਰਹੇ ਤੇ ਸਰਕਾਰ ਨੂੰ ਯਾਦ ਕਰਵਾ ਦਿੱਤਾ ਕਿ ਕਿਸਾਨੀ ਰੋਹ ਕੀ ਹੁੰਦਾ ਹੈ।
ਵਾਲੰਟੀਅਰ ਵੀ ਭਾਵੁਕ ਨਜ਼ਰ ਆਏ ਤੇ ਸਭ ਨੇ ਮਿਲ ਕੇ ਰਾਤ ਨੂੰ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਕਈਆਂ ਵਾਲੰਟੀਅਰਾਂ ਨੇ ਕਿਹਾ ਕਿ ਮੋਰਚੇ ਦੌਰਾਨ ਕਈ ਨਾਜ਼ੁਕ ਮੋੜ ਵੀ ਆਏ ਤੇ 26 ਜਨਵਰੀ ਦੀਆਂ ਘਟਨਾਵਾਂ ਸਮੇਤ ਕਰੋਨਾ, ਮੀਂਹ, ਝੱਖੜ ਤੇ ਗਰਮੀ ਝੱਲੀ। ਹਰਿੰਦਰ ਸਿੰਘ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੁਆਰਾ ਚਲਾਏ ਜਾ ਰਹੇ ਰੈਣ ਬਸੇਰੇ ਦਾ ਪ੍ਰਬੰਧਨ ਕੀਤਾ, ਜਿਵੇਂ ਅੰਦੋਲਨ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ, ਉਸ ਨੂੰ ਵਿਰੋਧੀ ਭਾਵਨਾਵਾਂ ਦੀ ਇੱਕ ਕਾਹਲੀ ਮਹਿਸੂਸ ਹੋਈ। ਉਸਨੇ ਗੱਦਿਆਂ ਨੂੰ ਬੰਡਲ ਕਰਦੇ ਹੋਏ ਕਿਹਾ,“ਇਹ ਇੱਥੇ ਚੰਗਾ ਸਮਾਂ ਰਿਹਾ ਹੈ। ਮੈਨੂੰ ਸਾਡੇ ਕੀਤੇ ਕੰਮ ’ਤੇ ਮਾਣ ਹੈ ਅਤੇ ਬਹੁਤ ਸਾਰੀਆਂ ਯਾਦਾਂ ਨਾਲ ਲੈ ਕੇ ਜਾਵਾਂਗੇ। ਹੁਣ, ਘਰ ਜਾਣ ਦਾ ਸਮਾਂ ਆ ਗਿਆ ਹੈ।