ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 28 ਦਸੰਬਰ
ਹਲਕੇ ਵਿਚ ਯੂਰੀਆ ਖਾਦ ਦੀ ਭਾਰੀ ਕਿੱਲਤ ਕਰਕੇ ਕਿਸਾਨਾਂ ਨੂੰ ਖਾਦ ਲੈਣ ਲਈ ਕੜਾਕੇ ਦੀ ਠੰਢ ਵਿੱਚ ਸਵੇਰੇ 4 ਵਜੇ ਹੀ ਲਾਈਨਾਂ ਵਿਚ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਬਾਬੈਨ ਵਿਚ ਰੋਹਿਤ ਫਰਟੀਲਾਈਜ਼ਰ, ਵਿਰੇਨ ਫਰਟੀਲਾਈਜ਼ਰ ਤੋਂ ਇਲਾਵਾ ਸਹਿਕਾਰੀ ਸਮਿਤੀ ਰਾਮ ਸਰਨ ਮਾਜਰਾ ਵਿਚ ਜਿਵੇਂ ਹੀ ਕਿਸਾਨਾਂ ਨੂੰ ਖਾਦ ਆਉਣ ਦੀ ਸੂਚਨਾ ਮਿਲੀ ਲੋਕ ਠੰਢ ਵਿੱਚ ਸਵੇਰੇ ਹੀ ਲਾਈਨਾਂ ਵਿੱਚ ਲੱਗਣੇ ਸ਼ੁਰੂ ਹੋ ਗਏ ਤੇ ਖਾਦ ਆਉਣ ਦੀ ਉਡੀਕ ਕਰਨ ਲੱਗੇ। ਸਵੇਰੇ 10 ਵਜੇ ਖਾਦ ਆਉਣ ’ਤੇ ਦੁਕਾਨਾਂ ’ਤੇ ਹਫੜਾ-ਤਫੜੀ ਮੱਚ ਗਈ। ਇਸ ਕਾਰਨ ਦੁਕਾਨਦਾਰਾਂ ਨੂੰ ਖਾਦ ਵੰਡਣ ਵਿਚ ਕਾਫੀ ਦਿੱਕਤ ਆਈ। ਵਿਰੇਨ ਤੇ ਰੋਹਿਤ ਫਰਟੀਲਾਈਜ਼ਰ ਦੁਕਾਨਾਂ ’ਤੇ ਆਈ ਖਾਦ ਹੱਥੋ-ਹੱਥ ਵਿਕ ਗਈ, ਜਦਕਿ ਕਈ ਕਿਸਾਨ ਖਾਦ ਨਾ ਮਿਲਣ ਕਰਕੇ ਨਿਰਾਸ਼ ਦੇਖੇੇ ਗਏ। ਕਿਸਾਨ ਮਹਿੰਦਰ ਸਿੰਘ, ਗੁਲਜਾਰ ਸਿੰਘ ਆਦਿ ਦਾ ਕਹਿਣਾ ਹੈ ਕਿ ਕਣਕ ਦੀ ਫ਼ਸਲ ਦੀ ਬਿਜਾਈ ਨੂੰ ਕੀਤੇ ਦੋ ਮਹੀਨੇ ਹੋ ਗਏ ਹਨ ਪਰ ਫਸਲ ਵਿਚ ਪਾਉਣ ਲਈ ਯੂਰੀਆ ਖਾਦ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਦਿਨ ਭਰ ਲਾਈਨਾਂ ਵਿਚ ਲਗਣ ਦੇ ਬਾਵਜੂਦ ਸਿਰਫ 5-5 ਕੱਟੇ ਹੀ ਖਾਦ ਦੇ ਮਿਲੇ ਹਨ ਤੇ ਹੁਣ ਖਾਦ ਕੱਦ ਆਵੇਗੀ ਇਸ ਬਾਰੇ ਕੁਝ ਪਤਾ ਨਹੀਂ। ਕਿਸਾਨਾਂ ਦਾ ਕਹਿਣਾ ਹੈ ਕਿ ਜਦ ਸਰਕਾਰ ਨੂੰ ਪਤਾ ਹੈ ਕਿ ਕਣਕ ਦੀ ਫਸਲ ਲਈ ਯੂਰੀਆ ਖਾਦ ਲੋੜੀਂਦੀ ਹੈ ਤਾਂ ਫਿਰ ਸਰਕਾਰ ਸਮੇਂ ਸਿਰ ਕਿਸਾਨਾਂ ਨੂੰ ਜਾਣਬੁੱਝ ਕੇ ਖਾਦ ਨਾ ਦੇ ਕੇ ਪ੍ਰੇਸ਼ਾਨ ਕਰ ਰਹੀ ਹੈ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਉਨਾਂ ਨੂੰ ਸਮੇਂ ਸਿਰ ਖਾਦ ਮੁਹੱਈਆ ਕਰਵਾਏ ਤਾਂ ਜੋ ਕਣਕ ਦੀ ਫਸਲ ਨੂੰ ਨੁਕਸਾਨ ਨਾ ਹੋਵੇ।
ਗੁਦਾਮ ’ਚੋਂ ਯੂਰੀਆ ਦੇ 1500 ਕੱਟੇ ਬਰਾਮਦ; ਕੇਸ ਦਰਜ
ਯਮੁਨਾਨਗਰ (ਦਵਿੰਦਰ ਸਿੰਘ): ਇਥੋਂ ਦੇ ਨੇੜਲੇ ਪਿੰਡ ਪੰਜੇਟੋ ਦੇ ਖੇਤਾਂ ਵਿੱਚ ਬਣੇ ਇੱਕ ਗੁਦਾਮ ਵਿੱਚੋਂ 1500 ਤੋਂ ਜ਼ਿਆਦਾ ਖਾਦ ਦੇ ਕੱਟੇ ਬਰਾਮਦ ਹੋਏ ਹਨ। ਜਾਣਕਾਰੀ ਮੁਤਾਬਕ ਪੁਲੀਸ ਨੂੰ ਛਛਰੋਲੀ ਇਲਾਕੇ ਵਿੱਚ ਇੱਕ ਮਹਿੰਦਰਾ ਪਿਕਅੱਪ ਗੱਡੀ ਵਿਖਾਈ ਦਿੱਤੀ ਤਾਂ ਉਸ ਦੀ ਜਾਂਚ ਕਰਨ ’ਤੇ ਯੂਰੀਆ ਖਾਦ ਦੇ ਕੱਟੇ ਮਿਲੇ। ਪੁਲੀਸ ਨੇ ਡਰਾਈਵਰ ਨੂੰ ਨਾਲ ਲਿਜਾ ਕੇ ਸਟੋਰ ਦੀ ਤਲਾਸ਼ੀ ਲਈ ਤਾਂ ਉਥੇ 1500 ਤੋ ਜ਼ਿਆਦਾ ਯੂਰੀਆ ਖਾਦ ਦੇ ਕੱਟੇ ਮਿਲੇ। ਜਾਣਕਾਰੀ ਅਨੁਸਾਰ ਖੇਤਾਂ ਵਿਚਾਲੇ ਬਣੇ ਇਸ ਸਟੋਰ ਦਾ ਇਸਤੇਮਾਲ ਹੋਟਲ ਦੇ ਰੂਪ ਵਿੱਚ ਕੀਤਾ ਜਾਂਦਾ ਸੀ ਪਰ ਹੁਣ ਕਾਫੀ ਸਮੇਂ ਤੋਂ ਖਾਦ ਦੇ ਗੁਦਾਮ ਦੇ ਰੂਪ ਵਿੱਚ ਵਰਤਿਆ ਜਾ ਰਿਹਾ ਸੀ। ਥਾਣਾ ਛਛਰੋਲੀ ਪੁਲੀਸ ਦੇ ਇੰਚਾਰਜ ਸਤੀਸ਼ ਕੁਮਾਰ ਨੇ ਮੌਕੇ ’ਤੇ ਖੇਤੀ ਵਿਭਾਗ ਦੇ ਅਧਿਕਾਰੀ ਬਾਲ ਮੁਕੰਦ ਸ਼ਰਮਾ ਨੂੰ ਬੁਲਾਇਆ ਤਾਂ ਇਸ ਖਾਦ ਦਾ ਕੋਈ ਰਿਕਾਰਡ ਨਹੀਂ ਮਿਲਿਆ, ਜਿਸ ’ਤੇ ਗੁਦਾਮ ਨੂੰ ਸੀਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਯੂਰੀਆ ਖਾਦ ਕਿਸਾਨਾਂ ਨੂੰ ਸਬਸਿਡੀ ’ਤੇ ਦਿੱਤੀ ਜਾਂਦੀ ਹੈ ਪਰ ਵਿਚੋਲੀਆਂ ਦੇ ਰਾਹੀਂ ਇਹ ਖਾਦ ਮਹਿੰਗੇ ਭਾਅ ’ਤੇ ਪਲਾਈਵੁੱਡ ਫੈਕਟਰੀਆਂ ਵਿੱਚ ਵੇਚੀ ਜਾਂਦੀ ਸੀ। ਕੁੱਝ ਸਮਾਂ ਪਹਿਲਾਂ ਇਸ ਤਰ੍ਹਾਂ ਦੇ ਦੋਸ਼ ਕਿਸਾਨ ਸੰਗਠਨਾਂ ਨੇ ਵੀ ਲਗਾਏ ਸਨ, ਜਿਸ ’ਤੇ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਸੀ।