ਪੱਤਰ ਪ੍ਰੇਰਕ
ਟੋਹਾਣਾ, 28 ਅਕਤੂਬਰ
ਇਸ ਜ਼ਿਲ੍ਹੇ ਵਿੱਚ ਡੀਏਪੀ ਖਰੀਦਣ ਲਈ ਕਿਸਾਨਾਂ ਵਿੱਚ ਮਾਰਾ ਮਾਰੀ ਚਲ ਰਹੀ ਹੈ। ਇਸ ਵੇਲੇ ਖਾਦ ਦੇ ਗੁਦਾਮ ਖਾਲੀ ਹੋਣ ਦੀ ਖੇਤੀਬਾੜੀ ਵਿਭਾਗ ਨੇ ਵੀ ਪੁਸ਼ਟੀ ਕੀਤੀ ਹੈ। ਬੀਤੇ ਦਿਨ ਫਤਿਹਾਬਾਦ ਮੰਡੀ ਦੇ ਇਕ ਡੀਲਰ ਕੋਲ 800 ਬੈਗ ਡੀਏਪੀ ਪੁੱਜੀ ਤਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਿਸਾਨਾਂ ਨੂੰ 5-5 ਬੈਗ ਵੰਡੇ ਗਏ।
ਕਿਸਾਨ ਨੇ ਡੀਲਰ ਵੱਲੋਂ ਨੈਨੋ ਯੂਰੀਆ ਜਬਰੀ ਦੇਣ ਦਾ ਦੋਸ਼ ਲਾਇਆ। ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਮੁਤਾਬਿਕ ਜ਼ਿਲ੍ਹੇ ਵਿੱਚ ਕਣਕ ਦੀ ਬਿਜਾਈ ਲਈ 5 ਲੱਖ ਡੀਏਪੀ ਬੈਗ ਦੀ ਜ਼ਰੂਰਤ ਪੈਂਦੀ ਹੈ। ਹੁਣ ਤਕ 1.5 ਲੱਖ ਬੈਗ ਕਿਸਾਨਾਂ ਨੂੰ ਦਿੱਤੇ ਜਾ ਚੁੱਕੇ ਹਨ। ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਜਾਖਲ, ਟੋਹਾਣਾ, ਭੂਨਾ, ਰਤੀਆ, ਫਤਿਹਾਬਾਦ, ਭੱਠੂ ਦੇ ਨਿੱਜੀ ਖਾਦ ਡੀਲਰਾਂ ਤੇ ਇਫ਼ਕੋ ਸਟੋਰਾਂ ਵਿੱਚ ਡੀਏਪੀ ਟਰੱਕਾਂ ਤੇ ਰੇਲ ਗੱਡੀਆਂ ਰਾਹੀਂ ਆ ਰਹੀ ਹੈ। ਵਿਭਾਗ ਮੁਤਾਬਿਕ ਟੋਹਾਣਾ ਵਾਸਤੇ 52 ਹਜ਼ਾਰ ਬੈਗ ਦਾ ਰੈਕ ਤਿੰਨ-ਚਾਰ ਦਿਨ ਤਕ ਆਉਣ ਦੀ ਸੰਭਾਵਨਾ ਹੈ। ਖੇਤੀਬਾੜੀ ਵਿਭਾਗ ਵੱਲੋ ਜਾਰੀ ਸੂਚਨਾ ਵਿੱਚ ਦੱਸਿਆ ਗਿਆ ਹੈ ਕਿ ਛੋਟੇ ਕਿਸਾਨਾਂ ਨੂੂੰ ਪੰਜ ਬੈਗ ਦੇ ਕਰੀਬ ਡੀਏਪੀ ਦੀ ਲੋੜ ਨੂੰ ਪਹਿਲ ਦੇ ਅਧਾਰ ’ਤੇ ਪਟਵਾਰੀਆਂ ਦੀ ਮਦਦ ਨਾਲ ਪੂਰਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਕਿਸਾਨ ਜਥੇਬੰਦੀਆਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਡੀਏਪੀ ਖਾਦ ਨਿੱਜੀ ਦੁਕਾਨਾਂ ਦੀ ਬਜਾਏ ਸਹਿਕਾਰੀ ਬੈਂਕਾਂ ਤੇ ਸਹਿਕਾਰੀ ਦੁਕਾਨਾਂ ਰਾਹੀਂ ਕਿਸਾਨਾਂ ਨੂੰ ਦੇਣ ਨਾਲ ਵੰਡ ਪ੍ਰਣਾਲੀ ਵਿੱਚ ਸੁਧਾਰ ਆਵੇਗਾ।