ਰਤਨ ਸਿੰਘ ਢਿੱਲੋਂ
ਅੰਬਾਲਾ, 11 ਮਾਰਚ
ਵਿਧਾਨ ਸਭਾ ਵਿੱਚ ਭਾਜਪਾ ਸਰਕਾਰ ਖ਼ਿਲਾਫ਼ ਪੇਸ਼ ਕੀਤੇ ਗਏ ਬੇਵਸਾਹੀ ਦੇ ਮਤੇ ਦੇ ਵਿਰੋਧ ਵਿੱਚ ਵੋਟ ਪਾਉਣ ਅਤੇ ਆਪਣੇ ਭਾਸ਼ਣ ਵਿੱਚ ਕਿਸਾਨਾਂ ਨੂੰ ਕਥਿਤ ਤੌਰ ’ਤੇ ਦੇਸ਼ਧ੍ਰੋਹੀ ਦੱਸਣ ਤੋਂ ਗੁੱਸੇ ਵਿੱਚ ਆਏ ਕਿਸਾਨਾਂ ਨੇ ਅੱਜ ਅੰਬਾਲਾ ਸ਼ਹਿਰ ਦੇ ਵਿਧਾਇਕ ਅਸੀਮ ਗੋਇਲ ਦੇ ਪੁਤਲੇ ਦੀ ਅੰਤਿਮ ਯਾਤਰਾ ਕੱਢੀ ਅਤੇ ਪ੍ਰੇਮ ਨਗਰ ਸਥਿਤ ਕੋਠੀ ਦੇ ਬਾਹਰ ਵਿਧਾਇਕ ਦਾ ਪਿੱਟ-ਸਿਆਪਾ ਕਰਕੇ ਪੁਤਲਾ ਫੂਕਿਆ।ਦੋ ਦਿਨ ਪਹਿਲਾਂ ਕਿਸਾਨਾਂ ਨੇ ਵਿਧਾਇਕ ਨੂੰ ਮੰਗ ਪੱਤਰ ਦੇ ਕੇ ਬੇਭਰੋਸਗੀ ਮਤੇ ਦੇ ਹੱਕ ਵਿਚ ਭੁਗਤਣ ਦੀ ਅਪੀਲ ਕੀਤੀ ਸੀ ਪਰ ਵਿਧਾਇਕ ਨੇ ਮਤੇ ਦੇ ਵਿਰੋਧ ਵਿੱਚ ਵੋਟ ਪਾਈ ਅਤੇ ਆਪਣੇ ਭਾਸ਼ਣ ਵਿੱਚ ਕਿਸਾਨਾਂ ਨੂੰ ਲੈ ਕੇ ਕਥਿਤ ਤੌਰ ਤੇ ਕੁਝ ਟਿੱਪਣੀਆਂ ਵੀ ਕੀਤੀਆਂ ਜਿਸ ਤੋਂ ਗੁੱਸੇ ਵਿਚ ਆਏ ਕਿਸਾਨਾਂ ਨੇ ਕੱਲ ਦੇਰ ਸ਼ਾਮ ਫੈਸਲਾ ਕਰ ਲਿਆ ਸੀ ਕਿ ਅਸੀਮ ਗੋਇਲ ਦਾ ਪੁਤਲਾ ਫੂਕਿਆ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ’ਤੇ ਅੱਜ ਸਵੇਰੇ ਭਾਰੀ ਗਿਣਤੀ ਵਿਚ ਕਿਸਾਨ ਇਨਕੋ ਚੌਕ ਲਾਗੇ ਇਕੱਠੇ ਹੋਏ ਅਤੇ ਖੁੱਲ੍ਹੇ ਮੰਚ ਤੋਂ ਵਿਧਾਇਕ ਤੇ ਸ਼ਬਦੀ ਹਮਲੇ ਕੀਤੇ। ਇਸ ਮੌਕੇ ਤੇ ਮੁੱਖ ਤੌਰ ਤੇ ਅਮਰਜੀਤ ਸਿੰਘ ਮੌਹੜੀ, ਸੁਖਵਿੰਦਰ ਜਲਬੇੜਾ, ਮੀਤ ਪ੍ਰਧਾਨ ਗੁਲਾਬ ਸਿੰਘ ਮਾਣਕਪੁਰ, ਜੈ ਸਿੰਘ ਜਲਬੇੜਾ ਅਤੇ ਹੋਰ ਆਗੂ ਮੌਜੂਦ ਸਨ।ਬੁਲਾਰਿਆਂ ਨੇ ਪੂਰੇ ਰੋਹ ਅਤੇ ਗੁੱਸੇ ਵਿਚ ਅਸੀਮ ਗੋਇਲ ਦੇ ਖ਼ਿਲਾਫ਼ ਭੜਾਸ ਕੱਢੀ। ਉਨ੍ਹਾਂ ਇਲਜ਼ਾਮ ਲਾਇਆ ਕਿ ਵਿਧਾਇਕ ਨੇ ਮਤੇ ਦੇ ਹੱਕ ਵਿੱਚ ਤਾਂ ਕੀ ਭੁਗਤਣਾ ਸੀ ਉਸ ਨੇ ਕਿਸਾਨਾਂ ਨੂੰ ਦੇਸ਼ਧ੍ਰੋਹੀ ਆਖਿਆ ਹੈ ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਐਲਾਨ ਕੀਤਾ ਕਿ ਕਿਸੇ ਵੀ ਭਾਜਪਾ ਜਾਂ ਆਰਐਸਐਸ ਦੇ ਆਦਮੀ ਨੂੰ ਉਹ ਪਿੰਡਾਂ ਵਿਚ ਵੜਨ ਨਹੀਂ ਦੇਣਗੇ ਅਤੇ ਜੋ ਇਨ੍ਹਾਂ ਲੋਕਾਂ ਨੂੰ ਸੱਦੇਗਾ, ਉਸ ਦਾ ਵੀ ਬਾਈਕਾਟ ਕੀਤਾ ਜਾਵੇਗਾ। ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਵਿਧਾਇਕ ਦੀ ਕੋਠੀ ਦੇ ਬਾਹਰ ਕਰੀਬ 100 ਪੁਲੀਸ ਮੁਲਾਜ਼ਮ ਤਾਇਨਾਤ ਸਨ।
ਕਿਸਾਨਾਂ ਦੀ ਇੱਜ਼ਤ ਕਰਦਾ ਹਾਂ: ਵਿਧਾਇਕ
ਵਿਧਾਇਕ ਅਸੀਮ ਗੋਇਲ ਨੇ ਵੀਡੀਓ ਰਾਹੀਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਕਿਸਾਨ ਸਾਥੀਆਂ ਬਾਰੇ ਉਹ ਕਦੇ ਗਲਤ ਗੱਲ ਨਹੀਂ ਬੋਲ ਸਕਦੇ। ਉਹ ਉਨ੍ਹਾਂ ਦੀ ਇਜ਼ਤ ਕਰਦੇ ਹਨ। ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।