ਪੱਤਰ ਪ੍ਰੇਰਕ
ਟੋਹਾਣਾ, 18 ਅਗਸਤ
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਸਕੀਮ ਤਹਿਤ ਕੋਵਿਡ-19 ਨਿਯਮਾਂ ਅਨੁਸਾਰ ਗ਼ਰੀਬਾਂ ਨੂੰ ਵੰਡੇ ਜਾ ਰਹੇ ਅਨਾਜ ਲਈ ਦਿੱਤੇ ਜਾ ਰਹੇ ਥੈਲੇ ਫੂਕ ਕੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਪ੍ਰਚਾਰ ਕਰਨ ਲਈ ਮੁਫ਼ਤ ਅਨਾਜ ਦੇਣ ਦਾ ਬਹਾਨਾ ਕੀਤਾ ਗਿਆ ਹੈ।
ਜਾਖਲ ਬਲਾਕ ਦੇ ਕਿਸਾਨ ਨੇਤਾ ਜੱਗੀ ਮਹਿਲ ਨੇ ਜਾਖਲ ਪਿੰਡ, ਤਲਵਾੜਾ, ਸਿਧਾਨੀ, ਸਾਧਨਵਾਸ, ਮੁੰਦਲੀਆਂ, ਚਾਂਦੁਪਰਾ ਤੇ ਰੱਤਾਥੇਹ ਵਿੱਚ ਸਥਾਨਕ ਕਿਸਾਨ ਇਕਾਈਆਂ ਨਾਲ ਮਿਲ ਕੇ ਅਨਾਜ ਪਾਉਣ ਵਾਲੇ ਪ੍ਰਧਾਨ ਮੰਤਰੀ, ਮੁੱਖ ਮ੍ਰੰਤਰੀ ਤੇ ਉਪ ਮੁੱਖ ਮੰਤਰੀ ਦੇ ਫੋਟੋਆਂ ਵਾਲੇ ਥੈਲੇ ਫੂਕ ਕੇ ਪ੍ਰਦਰਸ਼ਨ ਕੀਤਾ। ਕਿਸਾਨ ਨੇ ਕਿਹਾ ਕਿ ਉਹ ਗ਼ਰੀਬਾਂ ਨੂੰ ਅਨਾਜ ਤੇ ਘਰੇਲੂ ਵਸਤਾਂ ਦੇਣ ਦਾ ਵਿਰੋਧ ਨਹੀਂ ਕਰਦੇ ਸਗੋਂ ਸਰਕਾਰ ਪੰਜ ਕਿਲੋ ਕਣਕ ਦੇ ਕੇ ਗ਼ਰੀਬਾਂ ਦਾ ਮਜ਼ਾਕ ਉੜਾ ਰਹੀ ਹੈ। ਸਰਕਾਰ ਗ਼ਰੀਬਾਂ ਦੇ ਘਰ ਲੋੜੀਦੀਆਂ ਵਸਤਾਂ ਦੇਣ ਦੀ ਬਜਾਇ ਭਾਜਪਾ ਨੇਤਾਵਾਂ ਦੇ ਪ੍ਰਚਾਰ ਲਈ ਗ਼ਰੀਬ ਪਰਿਵਾਰ ਅਤੇ ਕਿਸਾਨ ਅੰਦੋਲਨ ਵਿੱਚ ਤਰੇੜਾਂ ਪਾਉਣ ਦੇ ਯਤਨ ਵਿੱਚ ਹੈ।
ਕਿਸਾਨ ਆਗੂਆਂ ਮਨਦੀਪ ਨੱਥਵਾਨ, ਗੁਰਦਿਆਲ ਸਿੰਘ, ਰਣਜੀਤ ਢਿੱਲੋਂ, ਭਾਕਿਯੂ ਦੇ ਜੋਗਿੰਦਰ ਨੈਨ, ਸੰਦੀਪ ਕਾਜਲਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸਰਕਾਰ ਅੰਨ ਉਤਸਵ ਵਿੱਚ ਗ਼ਰੀਬ ਪਰਿਵਾਰਾਂ ਨੂੰ 50 ਕਿਲੋ ਅਨਾਜ, ਦਾਲਾਂ ਅਤੇ ਖੰਡ ਵੀ ਦੇਵੇ। ਸਰਕਾਰ ਗ਼ਰੀਬਾਂ ਦਾ ਪੇਟ ਪ੍ਰਚਾਰ ਸਮੱਗਰੀ ਨਾਲ ਭਰਨ ਦਾ ਯਤਨ ਵਿੱਚ ਹੈ। ਉਨ੍ਹਾਂ ਕਿਹਾ ਕਿ ਕਿਸਾਨ-ਮਜ਼ਦੂਰ, ਵਪਾਰੀ, ਕਰਮਚਾਰੀ, ਦਲਿਤ ਭਾਈਚਾਰਾ ਅਤੇ ਗ਼ਰੀਬ ਪਰਿਵਾਰ ਭਾਜਪਾ ਖ਼ਿਲਾਫ਼ ਇਕਜੁਟ ਹਨ ਅਤੇ ਉਹ ਭਾਜਪਾ ਦੀਆਂ ਮਾਰੂ ਨੀਤੀਆਂ ਨੂੰ ਸਫ਼ਲ ਨਹੀਂਂ ਹੋਣ ਦੇਣਗੇ। ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਜਗਤਾਰ ਸਿੰਘ ਰੱਤਾਥੇਹ ਨੇ ਭਾਜਪਾ ਵੱਲੋਂ ਪੰਜ ਕਿਲੋ ਅਨਾਜ ਨੂੰ ਗ਼ਰੀਬਾਂ ਨਾਲ ਕੋਝਾ ਮਜ਼ਾਕ ਦੱਸਿਆ। ਉਨ੍ਹਾਂ ਕਿਹਾ ਕਿ ਪ੍ਰਚਾਰ ਸਮੱਗਰੀ ਨਾਲ ਪੇਟ ਨਹੀਂ ਭਰ ਸਕਦਾ, ਸਰਕਾਰ ਗ਼ਰੀਬਾਂ ਨੂੰ ਰੁਜ਼ਗਾਰ ਦੇ ਮੌਕੇ ਦੇਵੇ।