ਆਤਿਸ਼ ਗੁਪਤਾ
ਚੰਡੀਗੜ੍ਹ, 19 ਅਪਰੈਲ
ਕੁਰੂਕਸ਼ੇਤਰ ਦੇ ਇਸਮਾਈਲਾਬਾਦ ਵਿੱਚ ਪੰਜ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੇ ਰੋਸ ਵਜੋਂ ਅੱਜ ਕਿਸਾਨ ਜਥੇਬੰਦੀਆਂ ਨੇ ਪੁਲੀਸ ਥਾਣੇ ਦਾ ਘਿਰਾਓ ਕੀਤਾ। ਭਾਜਪਾ ਆਗੂ ਜੈ ਸਿੰਘ ਪਾਲ ਨਾਲ ਖਿੱਚ-ਧੂਹ ਦੇ ਦੋਸ਼ ਹੇਠ ਪੰਜ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਭਾਜਪਾ ਆਗੂ ਦੇ ਸੜਕਾਂ ’ਤੇ ਭੱਜਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਹਰਿਆਣਾ ਪੁਲੀਸ ਨੇ ਇਹ ਕਾਰਵਾਈ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਸਵੀਰ ਸਿੰਘ ਮਨੂੰਮਾਜਰਾ ਨੇ ਕਿਹਾ ਕਿ ਕਿਸਾਨਾਂ ਨੇ ਜੈ ਸਿੰਘ ਪਾਲ ਦਾ ਵਿਰੋਧ ਕੀਤਾ ਸੀ ਪਰ ਉਸ ਨੂੰ ਹੱਥ ਨਹੀਂ ਲਗਾਇਆ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਖ਼ਿਲਾਫ਼ ਕੇਸ ਦਰਜ ਕਰਨਾ ਗਲਤ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਰਾਕੇਸ਼ ਬੈਂਸ ਨੇ ਕਿਹਾ ਕਿ ਭਾਜਪਾ ਸਰਕਾਰ ਕਿਸਾਨ ਅੰਦੋਲਨ ਤੋਂ ਘਬਰਾ ਗਈ ਹੈ ਜਿਸ ਕਾਰਨ ਕਿਸਾਨਾਂ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ।
‘ਸੰਪਤੀ ਨੁਕਸਾਨ ਵਸੂਲੀ ਕਾਨੂੰਨ’ ਦਾ ਵਿਰੋਧ ਕਰਨਗੇ ਕਿਸਾਨ
ਕਿਸਾਨ ਹਰਿਆਣਾ ਸਰਕਾਰ ਦੇ ‘ਸੰਪਤੀ ਨੁਕਸਾਨ ਵਸੂਲੀ ਕਾਨੂੰਨ’ ਦੇ ਵਿਰੋਧ ਵਿੱਚ ਗਰਜਣਗੇ ਤਾਂ ਜੋ ਸੂਬਾ ਸਰਕਾਰ ਇਸ ਦੀ ਦੁਰਵਰਤੋਂ ਨਾ ਕਰ ਸਕੇ। ਭਾਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਆਗੂ ਰਵੀ ਆਜ਼ਾਦ ਨੇ ਕਿਹਾ ਕਿ ਸਰਕਾਰ ਅੰਦੋਲਨਕਾਰੀਆਂ ਨੂੰ ਘੇਰਨ ਦੀਆਂ ਤਿਆਰੀਆਂ ਕਰ ਰਹੀ ਹੈ। ਕਾਨੂੰਨ ਵਾਪਸ ਲੈਣ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਅੰਦੋਲਨ ਦੌਰਾਨ ਆਪਣੇ ਹੀ ਲੋਕਾਂ ਤੋਂ ਭੰਨ-ਤੋੜ ਕਰਵਾ ਕੇ ਅੰਦੋਲਨ ਦੀ ਆਵਾਜ਼ ਨੂੰ ਵਸੂਲੀ ਦੇ ਬਹਾਨੇ ਦਬਾਉਣ ਦੀ ਕੋਸ਼ਿਸ਼ ਕਰ ਸਕਦੀ ਹੈ।