ਦੇਵਿੰਦਰ ਸਿੰਘ
ਯਮੁਨਾਨਗਰ, 14 ਦਸੰਬਰ
ਜ਼ਿਲ੍ਹੇ ਵਿੱਚ ਚੱਲ ਰਹੀ ਯੂਰੀਆ ਖਾਦ ਦੀ ਕਿੱਲਤ ਨੂੰ ਲੈ ਕੇ ਕਿਸਾਨਾਂ ਨੇ ਅੱਜ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਜਾਣਕਾਰੀ ਮੁਤਾਬਿਕ ਜ਼ਿਲ੍ਹੇ ਵਿੱਚ ਅੱਜ 2200 ਬੈਗ ਹੀ ਖਾਦ ਦੇ ਆਏ, ਜਿਨ੍ਹਾਂ ਨੂੰ ਲੈਣ ਲਈ ਕਿਸਾਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਦੌਰਾਨ ਖਾਦ ਦੀ ਕਿੱਲਤ ਤੋਂ ਨਾਰਾਜ਼ ਕਿਸਾਨ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਅਨਾਜ ਮੰਡੀ ਦੇ ਗੇਟ ਮੂਹਰੇ ਇੱਕਠੇ ਹੋਏ ਅਤੇ ਸਰਕਾਰ ਖ਼ਿਲਾਫ਼ ਨਾਅਰਬਾਜ਼ੀ ਕਰਨ ਲੱਗ ਗਏ। ਇਸ ਮਗਰੋਂ ਜਦੋਂ ਕਿਸਾਨ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਨ ਲਈ ਗਏ ਤਾਂ ਪੁਲੀਸ ਨੇ ਮੁੱਖ ਗੇਟ ’ਤੇ ਹੀ ਉਨ੍ਹਾਂ ਨੂੰ ਰੋਕ ਲਿਆ। ਕਿਸਾਨ ਉਥੇ ਹੀ ਧਰਨ ’ਤੇ ਬੈਠ ਗਏ। ਐੱਸਡੀਐੱਮ, ਡੀਡੀਏ, ਡੀਐੱਸਪੀ ਜਗਾਧਰੀ ਉਨ੍ਹਾਂ ਨੂੰ ਸਮਝਾਉਣ ਲਈ ਮੌਕੇ ’ਤੇ ਆਏ ਪਰ ਕਿਸਾਨਾਂ ਨੇ ਕਿਹਾ ਕਿ ਉਹ ਖਾਦ ਲੈਣ ਤੋਂ ਬਾਅਦ ਹੀ ਜਾਣਗੇ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਜੂ ਗੁੰਦਿਆਨਾ ਨੇ ਕਿਹਾ ਕਿ ਜਿਥੇ ਕਿਸਾਨਾਂ ਨੂੰ ਫਸਲਾਂ ਵਾਸਤੇ ਯੁੂਰੀਆ ਖਾਦ ਨਹੀਂ ਮਿਲ ਰਹੀ, ਉਥੇ ਹੀ ਪਲਾਈਵੁੱਡ ਫੈਕਟਰੀਆਂ ਲਗਾਤਾਰ ਕੰਮ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਯੂਰੀਆਂ ਖਾਦ ਪਲਾਈਵੁੱਡ ਫੈਕਟਰੀਆਂ ਨੂੰ ਸਪਲਾਈ ਕੀਤੀ ਜਾ ਰਹੀ ਹੈ ਜੋ ਕਿ ਸਰਾਸਰ ਗਲਤ ਹੈ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੰਦਿਆਂ ਸਰਕਾਰ ਨੂੰ ਐਤਵਾਰ ਤੱਕ ਸਥਿਤੀ ’ਤੇ ਕਾਬੂ ਪਾਉਣ ਦਾ ਅਲਟੀਮੇਟਮ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਕਿਸਾਨ ਖੁਦ ਹੀ ਫੈਕਟਰੀਆਂ ਵਿੱਚ ਜਾਣ ਵਾਲੀ ਖਾਦ ਫੜਨ ਦਾ ਕੰਮ ਕਰਨਗੇ।