ਕੇਕੇ ਬਾਂਸਲ
ਰਤੀਆ, 3 ਨਵੰਬਰ
ਇਲਾਕੇ ਦੇ ਕਿਸਾਨਾਂ, ਮਜ਼ਦੂਰਾਂ ਅਤੇ ਖਪਤਕਾਰਾਂ ਨੇ ਬਿਜਲੀ ਵਿਭਾਗ ਦੇ ਐੱਸਡੀਓ ਦਫ਼ਤਰ ਸਾਹਮਣੇ ਧਰਨਾ ਦਿੱਤਾ। ਧਰਨੇ ਵਿਚ ਅਖਿਲ ਭਾਰਤੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਅਖਿਲ ਭਾਰਤੀ ਖੇਤ ਮਜ਼ਦੂਰ ਯੂਨੀਅਨ ਅਤੇ ਹੋਰ ਸੰਗਠਨ ਸ਼ਾਮਲ ਹੋਏ। ਪ੍ਰਧਾਨਗੀ ਕਿਸਾਨ ਸਭਾ ਦੇ ਜ਼ਿਲ੍ਹਾ ਕਮੇਟੀ ਮੈਂਬਰ ਰਮੇਸ਼ ਰੱਤਾਖੇੜਾ ਨੇ ਕੀਤੀ। ਮੁੱਖ ਤੌਰ ’ਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਸਕੱਤਰ ਤੇਜਿੰਦਰ ਥਿੰਦ ਸ਼ਾਮਲ ਹੋਏ। ਰੋਸ ਵਿੱਚ ਆਏ ਲੋਕਾਂ ਨੇ ਸੂਬਾ ਸਰਕਾਰ ਅਤੇ ਬਿਜਲੀ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟਾਇਆ। ਸੂਬਾ ਸਕੱਤਰ ਤੇਜਿੰਦਰ ਥਿੰਦ ਨੇ ਕਿਹਾ ਕਿ ਨਿਗਮ ਵੱਲੋਂ ਗਰੀਬ ਮਜ਼ਦੂਰ ਪਰਿਵਾਰਾਂ ਨੂੰ 10 ਹਜ਼ਾਰ ਤੋਂ ਲੈ ਕੇ 15 ਹਜ਼ਾਰ ਤੱਕ ਦੇ ਬਿਜਲੀ ਦੇ ਬਿੱਲ ਭੇਜੇ ਜਾ ਰਹੇ ਹਨ, ਜੋ ਕਿ ਕੋਈ ਵੀ ਗਰੀਬ ਮਜ਼ਦੂਰ ਨਹੀਂ ਭਰ ਸਕਦਾ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਦੇ ਅਧਿਕਾਰੀ ਬਿਨਾਂ ਰੀਡਿੰਗ ਲਏ ਬਿਜਲੀ ਦੇ ਬਿੱਲ ਭੇਜ ਰਹੇ ਹਨ ਅਤੇ ਜਦੋਂ ਮਜ਼ਦੂਰ ਬਿੱਲ ਠੀਕ ਕਰਵਾਉਣ ਲਈ ਬਿਜਲੀ ਨਿਗਮ ਦੇ ਦਫ਼ਤਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਉਥੋਂ ਵਾਪਸ ਭੇਜ ਦਿੱਤਾ ਜਾਂਦਾ ਹੈ। ਧਰਨਾ ਦੇ ਰਹੇ ਸੁਖਵਿੰਦਰ ਮਹਿਮੜਾ, ਬੁੱਧ ਰਾਮ, ਤਰਸੇਮ ਖੁਨਨ, ਸਤਨਾਮ ਸਿੰਘ ਅਤੇ ਰਮੇਸ਼ ਰੱਤਾਖੇੜਾ ਨੇ ਕਿਹਾ ਕਿ ਨਿਗਮ ਨੇ ਬਿਜਲੀ ਬਿੱਲਾਂ ਨਾਲ ਹਜ਼ਾਰਾਂ ਰੁਪਏ ਦੀ ਰਾਸ਼ੀ ਨਾਨ ਐਨਰਜੀ ਚਾਰਜ ਦੇ ਰੂਪ ਵਿਚ ਲਗਾ ਕੇ ਭੇਜ ਦਿੱਤੀ ਹੈ। ਬਿੱਲ ਜਮ੍ਹਾਂ ਕਰਵਾਉਣ ਦੇ ਬਾਵਜੂਦ ਲੋਕਾਂ ਨੂੰ ਪੁਰਾਣੇ ਬਿੱਲਾਂ ਨਾਲ ਭਾਰੀ ਰਾਸ਼ੀ ਦੇ ਬਿੱਲ ਭੇਜ ਦਿੱਤੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੀ ਤਰਜ਼ ’ਤੇ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਮੁਫਤ ਬਿਜਲੀ, ਪੁਰਾਣੇ ਬਿੱਲਾਂ ਨੂੰ ਮੁਆਫ਼ ਕੀਤਾ ਜਾਵੇ।