ਜਗਤਾਰ ਸਮਾਲਸਰ
ਏਲਨਾਬਾਦ, 22 ਸਤੰਬਰ
ਸਰਕਾਰ ਵਲੋਂ ਅਨਾਜ ਮੰਡੀਆਂ ਵਿੱਚ ਸ਼ੁਰੂ ਕੀਤੀ ਗਈ ਈ-ਨੇਮ ਪ੍ਰਣਾਲੀ ਦਾ ਵਿਰੋਧ ਕਰਦਿਆਂ ਸਥਾਨਿਕ ਕੱਚਾ ਆੜ੍ਹਤੀ ਐਸੋਸੀਏਸ਼ਨ ਵਲੋਂ ਮਾਰਕੀਟ ਕਮੇਟੀ ਦਫ਼ਤਰ ਵਿੱਚ ਚੱਲ ਰਿਹਾ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਅੱਜ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ, ਮਨੀਮਾਂ ਨੇ ਕੱਚਾ ਆੜ੍ਹਤੀ ਐਸੋਸੀਏਸ਼ਨ ਦੇ ਬੈਨਰ ਹੇਠ ਇਕੱਠੇ ਹੋ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੁਤਲਾ ਫੂਕ ਕੇ ਆਪਣਾ ਰੋਸ ਪ੍ਰਗਟ ਕੀਤਾ। ਇਸ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਆੜ੍ਹਤੀ, ਕਿਸਾਨ, ਮਜ਼ਦੂਰ ਮਾਰਕੀਟ ਕਮੇਟੀ ਦਫ਼ਤਰ ਵਿਖੇ ਇਕੱਠੇ ਹੋਏ ਅਤੇ ਮੁੱਖ ਮੰਤਰੀ ਦੇ ਪੁਤਲੇ ਨੂੰ ਖੱਚਰ-ਰੇਹੜੀ ’ਤੇ ਰੱਖ ਕੇ ਪੂਰੇ ਸ਼ਹਿਰ ਵਿੱਚ ਘੁੰਮਾਇਆ।