ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਸਤੰਬਰ
ਕਿਸਾਨ ਆਗੂ ਵਿਵਾਦਿਤ ਖੇਤੀ ਕਾਨੂੰਨ ਖ਼ਤਮ ਕਰਵਾਉਣ ਅਤੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਜਾਣ ਤੋਂ ਬਚਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਲਕੇ 27 ਸਤੰਬਰ ਲਈ ਦਿੱਤੇ ‘ਭਾਰਤ ਬੰਦ’ ਦੇ ਸੱਦੇ ਦੇ ਸਫ਼ਲ ਰਹਿਣ ਪ੍ਰਤੀ ਆਸਵੰਦ ਹਨ। ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸਤਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਉੱਤਰ ਭਾਰਤ ਦੇ ਸੂਬਿਆਂ ਦੇ ਨਾਲ ਨਾਲ ਦੱਖਣ ਭਾਰਤ ਦੇ ਸੂਬਿਆਂ ਵਿੱਚ ਪਹਿਲੀ ਵਾਰ ਇਤਿਹਾਸਕ ਭਾਰਤ ਬੰਦ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਨੂੰ ਛੱਡ ਕੇ ਦੇਸ਼ ਦੀਆਂ ਕੌਮੀ ਅਤੇ ਖੇਤਰੀ ਪਾਰਟੀਆਂ ਵੱਲੋਂ ਭਾਰਤ ਬੰਦ ਦੀ ਹਮਾਇਤ ਦੇਣ ਦੇ ਨਾਲ-ਨਾਲ ਕੌਮੀ ਪੱਧਰ ਦੀਆਂ ਟਰੇਡ ਯੂਨੀਅਨਾਂ, ਵਿਦਿਆਰਥੀਆਂ ਯੂਨੀਅਨਾਂ, ਟਰਾਂਸਪੋਰਟ ਯੂਨੀਅਨਾਂ, ਬਾਰ ਐਸੋਸੀਏਸ਼ਨ ਅਤੇ ਪੂਰੇ ਭਾਰਤ ਦੇ ਹਰ ਵਰਗ ਦੇ ਲੋਕ ਭਾਰਤ ਬੰਦ ਵਿੱਚ ਸ਼ਮੂਲੀਅਤ ਕਰਨਗੇ।
ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕਾਮਰੇਡ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ 27 ਸਤੰਬਰ ਦਾ ਇਤਿਹਾਸਕ ਅਤੇ ਲਾਮਿਸਾਲ ਭਾਰਤ ਬੰਦ ਮੋਦੀ ਸਰਕਾਰ ਦੇ ਡੁੱਬਦੇ ਬੇੜੇ ਵਿੱਚ ਭਾਰੀ ਪੱਥਰ ਸਾਬਿਤ ਹੋਵੇਗਾ ਅਤੇ ਇਸ ਨੂੰ ਗੱਲਬਾਤ ਦੇ ਦਰਵਾਜ਼ੇ ਖੋਲ੍ਹ ਕੇ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰੇਗਾ। ਪ੍ਰਾਪਤ ਰਿਪੋਰਟਾਂ ਅਨੁਸਾਰ ਦੇਸ਼ ਦੇ ਬਹੁਤੇ ਸੂਬਿਆਂ ਵਿੱਚ ਸਰਕਾਰੀ, ਗੈਰ ਸਰਕਾਰੀ, ਸੜਕਾਂ, ਰੇਲ ਅਤੇ ਆਮ ਕਾਰੋਬਾਰ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਠੱਪ ਰਹਿਣਗੇ ਕਿਉਂਕਿ ਹੁਣ ਜਨਤਾ ਹੰਕਾਰੀ ਮੋਦੀ ਸਰਕਾਰ ਨੂੰ ਸਬਕ ਸਿਖਾਉਣ ਦੇ ਰੌਂਅ ਵਿੱਚ ਹੈ। ਉਨ੍ਹਾਂ ਕਿਹਾ ਕਿ ਹੁਣ ਲੜਾਈ ਇਕੱਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਨਹੀਂ ਰਹੀ ਬਲਕਿ ਭਾਜਪਾ ਅਤੇ ਇਸ ਦੀ ਸਰਕਾਰ ਵਲੋਂ ਸਾਮਰਾਜੀ ਵਿਸ਼ਵੀਕਰਨ ਨੂੰ ਲਾਗੂ ਕਰਨ ਵਾਲੀਆਂ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਰੱਦ ਕਰਵਾਉਣ ਦੀ ਹੋ ਨਿੱਬੜੀ ਹੈ। ਦੇਸ਼ ਦੀਆਂ ਮੁੱਖ ਵਿਰੋਧੀ ਪਾਰਟੀਆਂ, ਟਰੇਡ ਯੂਨੀਅਨਾਂ ਅਤੇ ਸਾਰੀਆਂ ਜਨਤਕ ਜਥੇਬੰਦੀਆਂ ਵਲੋਂ ਕੀਤੀ ਬੰਦ ਦੀ ਹਮਾਇਤ ਕਿਸਾਨ ਅੰਦੋਲਨ ਦੇ ਘੇਰੇ ਨੂੰ ਵਿਸ਼ਾਲ ਕਰਨ ਦੇ ਸੰਕੇਤ ਹਨ। ਏਆਈਕੇਐੱਫ ਵਲੋਂ ਭਲਕੇ ਬਿਹਾਰ, ਪੱਛਮੀ ਬੰਗਾਲ, ਤਿਲੰਗਾਨਾ, ਆਂਧਰਾ ਪ੍ਰਦੇਸ਼, ਕੇਰਲਾ, ਰਾਜਸਥਾਨ ਅਤੇ ਪੰਜਾਬ ਵਿੱਚ ਵੱਡੀ ਪੱਧਰ ਉੱਤੇ ਸੜਕਾਂ ਅਤੇ ਰੇਲਵੇ ਲਾਈਨਾਂ ਉੱਤੇ ਮਾਰੇ ਜਾ ਰਹੇ ਵਿਸ਼ਾਲ ਧਰਨਿਆਂ ਵਿੱਚ ਸ਼ਮਲੂੀਅਤ ਕੀਤੀ ਜਾਵੇਗੀ। ਇਸ ਦੀ ਤਿਆਰੀ ਲਈ ਪੰਜਾਬ ਅਤੇ ਸਾਰੇ ਸੂਬਿਆਂ ਵਿੱਚ ਪਿਛਲੇ ਇੱਕ ਹਫਤੇ ਤੋਂ ਜਨਤਕ ਮੀਟਿੰਗਾਂ ਅਤੇ ਫਲੈਗ ਮਾਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬੰਦ ਦੀਆਂ ਤਿਆਰੀਆਂ ਮੁਕੰਮਲ ਹਨ ਲੋਕਾਂ ਦਾ ਗੁੱਸਾ ਖੁੱਲ੍ਹੇਆਮ ਫੁੱਟ ਕੇ ਸੜਕਾਂ ਉੱਤੇ ਦਿਖਾਈ ਦੇਵੇਗਾ।
‘ਭਾਰਤ ਬੰਦ’ ਦੀ ਹਮਾਇਤ ’ਚ ਵਪਾਰ ਮੰਡਲ ਵੀ ਉਤਰਿਆ
ਜੀਂਦ(ਪੱਤਰ ਪ੍ਰੇਰਕ): ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਅਨੁਸਾਰ ਹਰਿਆਣਾ ਪ੍ਰਦੇਸ ਵਪਾਰ ਮੰਡਲ ਜੀਂਦ ਨੇ ਵੀ ਭਾਰਤ ਬੰਦ ਨੂੰ ਆਪਣਾ ਸਮਰਥਨ ਦਿੱਤਾ ਹੈ। ਵਪਾਰ ਮੰਡਲ ਦੇ ਆਗੂਆਂ ਮਹਾਂਵੀਰ ਕੰਪਿਊਟਰ, ਰਾਜ ਕੁਮਾਰ ਗੋਇਲ, ਰਾਧੇ ਸ਼ਿਆਮ ਬਿੰਦਲ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਸਾਰੀ ਯੂਨੀਅਨਾਂ ਨੂੰ ‘ਭਾਰਤ ਬੰਦ’ ਵਿੱਚ ਆਪਣਾ ਸਹਿਯੋਗ ਦੇਣ ਲਈ ਕਹਿ ਦਿੱਤਾ ਹੈ। ਹਲਵਾਈ ਯੂਨੀਅਨ, ਕਰਿਆਨਾ ਯੂਨੀਅਨ, ਕੱਪੜਾ, ਮਠਿਆਈ ਯੂਨੀਅਨ, ਆੜ੍ਹਤੀ ਐਸੋਸੀਏਸ਼ਨ ਆਦਿ 27 ਸਤੰਬਰ ਨੂੰ 12 ਵਜੇ ਤੱਕ ਆਪਣੇ ਕਾਰੋਬਾਰ ਬੰਦ ਰੱਖਣਗੇ।