ਪੱਤਰ ਪ੍ਰੇਰਕ
ਡੱਬਵਾਲੀ, 31 ਅਗਸਤ
ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸਵੇਅ ਨਿਰਮਾਣ ’ਚ ਬੁਨਿਆਦੀ ਮੰਗਾਂ ਸੰਬਧੀ ਰਾਸ਼ਟਰੀ ਕਿਸਾਨ ਸੰਗਠਨ ਦੇ ਪ੍ਰਧਾਨ ਜਸਬੀਰ ਸਿੰਘ ਭਾਟੀ ਦੇ ਮਰਨ ਵਰਤ ਦੇ ਤੀਜੇ ਦਿਨ ਗੱਲਬਾਤ ਸਿਰੇ ਨਾ ਚੜ੍ਹ ਸਕੀ। ਐਨ.ਐਚ.ਏ.ਆਈ. (ਬਠਿੰਡਾ) ਦੇ ਪੀ.ਡੀ. ਵਿਪੁਲ ਗੁਪਤਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਗੱਲਬਾਤ ਦੀ ਕੋਸ਼ਿਸ਼ ਸਬੰਧੀ ਸ੍ਰੀ ਭਾਟੀ ਨੇ ਮੰਗਾਂ ਮੰਨੇ ਜਾਣ ਤੱਕ ਮਰਨ ਵਰਤ ਜਾਰੀ ਰਹਿਣ ਦੀ ਗੱਲ ਦੁਹਰਾਈ।ਪ੍ਰਾਜੈਕਟ ਡਾਇਰੈਕਟਰ ਵਿਪੁਲ ਜੈਨ ਨੇ ਸ੍ਰੀ ਭਾਟੀ ਨਾਲ ਗੱਲਬਾਤ ਮੌਕੇ ਸਮੁੱਚੀਆਂ ਮੰਗਾਂ ਮੁਤਾਬਕ ਪਹਿਲਾਂ ਹੀ ਮੰਨੇ ਹੋਣ ਤੇ ਉਨ੍ਹਾਂ ’ਤੇ ਕਾਰਜ ਜਾਰੀ ਹੋਣ ਦੀ ਗੱਲ ਆਖੀ। ਮੁਆਵਜ਼ੇ ਬਾਰੇ ਐੱਸ.ਡੀ.ਐੱਮ ਡੱਬਵਾਲੀ ਨੇ ਕਿਸਾਨਾਂ ਨੂੰ ਕਾਨੂੰਨੀ ਮੱਦਾਂ ਮੁਤਾਬਕ ਆਰਬੀਟਰੇਟ ਲਈ ਪ੍ਰੇਰਿਆ। ਐਸ.ਡੀ.ਐਮ. ਨੇ ਦੱਸਿਆ ਕਿ ਐਨ.ਐਚ.54 ਦੇ ਜ਼ਮੀਨ ਗ੍ਰਹਿਣ ਜ਼ਮੀਨ ’ਚ ਸੰਰਚਨਾ ਐਵਾਰਡ ਤਹਿਤ ਉਸਾਰੀਆਂ, ਟਿਊਬਵੈੱਲ, ਬਾਗ ਦਾ ਮੁਆਵਜ਼ਾ ਵੰਡਿਆ ਜਾ ਰਿਹਾ ਹੈ। ਇਸ ਮੌਕੇ ਜਸਬੀਰ ਸਿੰਘ ਭਾਟੀ ਨੇ ਸੜਕ ਨਿਰਮਾਣ ਕੰਪਨੀ ’ਤੇ ਕਥਿਤ ਨਿਰਮਾਣ ਸਮੱਗਰੀ ਸਹੀ ਨਾ ਵਰਤਣ ਤੇ ਨਿਰਮਾਣ ਅਧੀਨ ਪੁਲਾਂ ਦੇ ਬੈਠਣ ਦੇ ਦੋਸ਼ ਲਗਾਏ। ਜਿਸ ’ਤੇ ਪ੍ਰਾਜੈਕਟ ਡਾਇਰੈਕਟਰ ਨੇ ਕਿਸਾਨ ਆਗੂ ਨੂੰ ਮਨਚਾਹੀ ਜਗ੍ਹਾ ਤੋਂ ਤੁਰੰਤ ਸੈਂਪਲ ਭਰਵਾਉਣ ਦੀ ਪੇਸ਼ਕਸ਼ ਕੀਤੀ।