ਮੇਧਾ ਸ਼ਰਮਾ
ਗੁਰੂਗਰਾਮ, 12 ਜੂਨ
ਪਿੰਡ ਬੜਕਲੀ ਦੇ ਪੁਨਹਾਨਾ ਵਿਚ ਅੱਜ ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡ ਵਾਸੀਆਂ ਦੀ ਪੁਲੀਸ ਨਾਲ ਝੜਪ ਹੋ ਗਈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲੀਸ ਨੇ ਬਿਨਾਂ ਐਫਆਈਆਰ ਦਰਜ ਕੀਤੇ ਜ਼ੁਨੈਦ ਨੂੰ ਪੁਲੀਸ ਹਿਰਾਸਤ ਵਿਚ ਰੱਖਿਆ ਤੇ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਸੜਕ ’ਤ ਜਾਮ ਲਾ ਦਿੱਤਾ। ਦੂਜੇ ਪਾਸੇ ਪੁਲੀਸ ਭੀੜ ਨੂੰ ਹਟਾਉਣ ਲਈ ਘਟਨਾ ਸਥਾਨ ’ਤੇ ਗਈ ਤਾਂ ਪਿੰਡ ਵਾਸੀਆਂ ਦੀ ਪੁਲੀਸ ਨਾਲ ਝੜਪ ਹੋ ਗਈ ਤੇ ਉਨ੍ਹਾਂ ਪੁਲੀਸ ਦੀ ਜੀਪ ਨੂੰ ਅੱਗ ਲਾ ਦਿੱਤੀ। ਇਸ ਕਾਰਨ ਮਾਰਕੀਟਾਂ ਬੰਦ ਹੋ ਗਈਆਂ ਤੇ ਖੇਤਰ ਵਿਚ ਕਰਫਿਊ ਲਾ ਦਿੱਤਾ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਪੁਲੀਸ ਹਿਰਾਸਤ ਤੋਂ ਛੁਡਵਾਉਣ ਲਈ ਉਨ੍ਹਾਂ ਨੂੰ ਸੱਤਰ ਹਜ਼ਾਰ ਰੁਪਏ ਰਿਸ਼ਵਤ ਵੀ ਦੇਣੀ ਪਈ ਤੇ ਜਦ ਜ਼ੁਨੈਦ ਘਰ ਆਇਆ ਤਾਂ ਉਸ ਦੀ ਤਬੀਅਤ ਵਿਗੜ ਗਈ ਤੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਗੁੱਸੇ ਵਿਚ ਆਏ ਪੀੜਤ ਪਰਿਵਾਰਕ ਮੈਂਬਰਾਂ ਨੇ ਪੁਲੀਸ ਮੁਲਾਜ਼ਮਾਂ ਦਾ ਕੁਟਾਪਾ ਵੀ ਚਾੜ੍ਹਿਆ।