ਪੱਤਰ ਪ੍ਰੇਰਕ
ਫਰੀਦਾਬਾਦ, 11 ਮਈ
ਸ਼ਹਿਰ ਵਿੱਚ ਸਥਾਨਕ ਪ੍ਰਸ਼ਾਸਨ ਵੱਲੋਂ ‘ਸਮਾਰਟ ਸਿਟੀ ਯੋਜਨਾ’ ਤਹਿਤ ਕਈ ਸੜਕਾਂ ਨੂੰ ਸੀਮਿੰਟ ਨਾਲ ਬਣਾਇਆ ਜਾ ਰਿਹਾ ਹੈ ਪਰ ਇੱਕੋ ਸਮੇਂ ਕਈ ਸੜਕਾਂ ਦੀ ਉਸਾਰੀ ਨਾਲ-ਨਾਲ ਸ਼ੁਰੂ ਕਰਨ ਕਰ ਕੇ ਆਮ ਲੋਕ ਪ੍ਰੇਸ਼ਾਨ ਹਨ। ਨਿਗਮ ਨੇ ਸੜਕਾਂ ਬਣਾਉਣ ਲਈ ਪੁਰਾਣੀਆਂ ਲੁੱਕ ਵਾਲੀਆਂ ਸੜਕਾਂ ਤਾਂ ਪੁੱਟ ਦਿੱਤੀਆਂ ਪਰ ਉਨ੍ਹਾਂ ਨੂੰ ਬਣਾਉਣ ਵਿੱਚ ਦੇਰੀ ਨਾਲ ਲੋਕ ਖੱਜਲ ਹੋ ਰਹੇ ਹਨ। ਸ਼ਹਿਰ ਦੀਆਂ ਅੱਧੀ ਦਰਜਨ ਦੇ ਕਰੀਬ ਸੜਕਾਂ ਨੂੰ ਸੀਮੰਟ ਨਾਲ ਬਣਾਇਆ ਜਾ ਰਿਹਾ ਹੈ।
ਹਾਰਡਵੇਅਰ ਚੌਕ ਤੋਂ ਲੈ ਕੇ ਪਿਆਲੀ ਚੌਕ ਤੱਕ ਸੀਮਿੰਟ ਨਾਲ ਬਣ ਰਹੀ ਸੜਕ ਲਈ ਤਾਂ ਲੋਕਾਂ ਨੂੰ ਧਰਨਾ ਲਾਉਣਾ ਪਿਆ। ਇਸੇ ਤਰ੍ਹਾਂ ਸੈਕਟਰ-15, 16 ਤੇ 12 ਦੀਆਂ ਸੜਕਾਂ ਕਈ ਮਹੀਨਿਆਂ ਤੋਂ ਬਣਨ ਦੀ ਉਡੀਕ ਕਰਦੀਆਂ ਰਹੀਆਂ। ਲੋਕਾਂ ਨੂੰ ਧੂੜ ਭਰੀਆਂ ਸੜਕਾਂ ਵਿੱਚ ਪਏ ਟੋਇਆਂ ਵਿੱਚੋਂ ਖ਼ੁਦ ਤੇ ਆਪਣੀਆਂ ਗੱਡੀਆਂ ਕੱਢਣੀਆਂ ਪੈ ਰਹੀਆਂ ਹਨ। ਸਮਾਜ ਸੇਵੀ ਸੁਖਦੇਵ ਸਿੰਘ ਖ਼ਾਲਸਾ ਨੇ ਕਿਹਾ ਕਿ ਪ੍ਰਸ਼ਾਸਨ ਪੜਾਅਵਾਰ ਸੜਕਾਂ ਦੀ ਖੁਦਾਈ ਕਰ ਕੇ ਵਾਰੀ-ਵਾਰੀ ਸੜਕਾਂ ਬਣਾਏ ਅਤੇ ਜ਼ਿਆਦਾ ਸਮਾਂ ਨਾ ਲਾਇਆ ਜਾਵੇ।
ਪੰਜਾਬੀ ਸੱਭਿਆਚਾਰਕ ਸੱਥ ਦੇ ਚੇਅਰਮੈਨ ਮੰਗਲ ਸਿੰਘ ਔਜਲਾ ਨੇ ਕਿਹਾ ਕਿ ਸੜਕਾਂ ਦੇ ਨਾਲ ਨਾਲੇ ਉਸਾਰਨ ਦਾ ਕੰਮ ਵੀ ਢਿੱਲਾ ਹੋਣ ਕਰ ਕੇ ਆਮ ਲੋਕ ਪ੍ਰੇਸ਼ਾਨ ਹਨ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਸੜਕਾਂ ਦੀ ਉਸਾਰੀ ਪੜਾਅਵਾਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਲੋਕ ਦੀ ਪ੍ਰੇਸ਼ਾਨੀ ਦੇਖਦੇ ਹੋਏ ਉਸਾਰੀ ਕਾਰਜਾਂ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ ਤਾਂ ਕਿ ਲੋਕ ਸੁੱਖ ਦਾ ਸਾਹ ਲੈ ਸਕਣ।