ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਜਥੇਬੰਦਕ ਸੰਘਰਸ਼ ਦੀ ਛਾਉਣੀ ਡੱਬਵਾਲੀ ਵਿੱਚ ਕਿਸਾਨ ਮੁਹਾਜ਼ ਅਤੇ ਮੋਦੀ ਸਰਕਾਰ ਵਿਚਕਾਰ ‘ਇਤਿਹਾਸਕ ਜੰਗ’ ਲਈ ਦੋਵੇਂ ਪਾਸਓਂ ਪਿੜ ਮਜ਼ਬੂਤੀ ਲਈ ਮੋਰਚਾਬੰਦੀ ਸ਼ੁਰੂ ਹੋ ਗਈ ਹੈ। ਭਾਕਿਯੂ ਏਕਤਾ ਉਗਰਾਹਾਂ ਬਲਾਕ ਸੰਗਤ ਨੇ ਸਰਹੱਦ ਨੇੜੇ ਬਠਿੰਡਾ ਰੋਡ ’ਤੇ ਟੈਂਟ ਗੱਡ ਕੇ ਦਿੱਲੀ ਮੋਰਚੇ ’ਤੇ ਜਾਣ ਵਾਲੇ ਕਿਸਾਨਾਂ ਲਈ ਰਾਹ ਦਸੇਰਾ ਕੈਂਪ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਹਰਿਆਣਾ ਪੁਲੀਸ ਨੇ ਜਵਾਬੀ ਪ੍ਰਬੰਧਾਂ ਤਹਿਤ ਹੱਦਾਂ ’ਤੇ ਬੈਰੀਕੇਡਾਂ ਦੀ ਵੱਡੀ ਖੇਪ ਪਹੁੰਚਾ ਕੇ ਅਮਲਾ ਤਾਇਨਾਤ ਕਰ ਦਿੱਤਾ ਹੈ। ਭਾਕਿਯੂ ਏਕਤਾ ਉਗਰਾਹਾਂ ਸੰਗਤ ਨੇ ਬਠਿੰਡਾ-ਡੱਬਵਾਲੀ ਨੈਸ਼ਨਲ ਹਾਈਵੇ ’ਤੇ ਹਰਿਆਣਾ ਸਰਹੱਦ ਤੋਂ ਡੇਢ ਸੌ ਮੀਟਰ ’ਤੇ ਸੜਕ ਕੰਢੇ ਟੈਂਟ ਲਗਾ ਦਿੱਤੇ ਹਨ। ਪਥਰਾਲਾ ਦੇ 70 ਸਾਲਾ ਬਜ਼ੁਰਗ ਕਿਸਾਨ ਬਖਤੌਰ ਸਿੰਘ, ਰੇਸ਼ਮ ਸਿੰਘ ਅਤੇ ਆਤਮਾ ਸਿੰਘ ਟੈਂਟ ਲਾਉਣ ਲਈ ਕਿੱਲੇ ਗੱਡ ਕੇ ਮੋਦੀ ਸਰਕਾਰ ਨੂੰ ਪੁਰਾਣੀਆਂ ਖੁਰਾਕਾਂ ਦੇ ਜਲਵੇ ਵਿਖਾ ਰਹੇ ਸਨ। ਸਰੀਰ ਦੇ ਸੱਜੇ ਪਾਸੇ ਤੋਂ ਅਪਾਹਜ 50 ਸਾਲਾ ਰਮੇਸ਼ ਸ਼ਰਮਾ ਖੱਬੇ ਹੱਥ ਨਾਲ ਕਹੀ ਚਲਾ ਕੇ ਕਿਸਾਨ ਸੰਘਰਸ਼ ਲਈ ਜ਼ਮੀਨ ਸਾਫ਼ ਕਰ ਰਿਹਾ ਸੀ। ਬਲਾਕ ਪ੍ਰਧਾਨ ਕੁਲਵੰਤ ਰਾਏਕਲਾਂ ਨੇ ਕਿਹਾ ਕਿ ਕਿਸਾਨਾਂ ਦੀ ਆਮਦ ਲਈ ਰਾਹ ਦਸੇਰਾ ਟੈਂਟ ਲਗਾਇਆ ਗਿਆ ਹੈ। ਭਾਕਿਯੂ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਡਾਂਗ ਨਾਲ ਲੋਕਰਾਜ ਨਹੀਂ ਚੱਲਣਾ। ਡੱਬਵਾਲੀ ਦੇ ਡੀਐੱਸਪੀ ਕੁਲਦੀਪ ਸਿੰਘ ਨੇ ਕਿਹਾ ਕਿ ਰਾਤ ਅੱਠ ਵਜੇ ਤੋਂ ਪੰਜਾਬ ਦੇ ਕਿਸਾਨਾਂ ਦਾ ਹਰਿਆਣਾ ’ਚ ਦਾਖ਼ਲਾ ਅਤੇ ਮੌਜੂਦਗੀ ਬੰਦ ਅਤੇ ਗ਼ੈਰਕਾਨੂੰਨੀ ਹੈ। ਕਿਸੇ ਵੀ ਮੁਜ਼ਾਹਰਾਕਾਰੀ ਨੂੰ ਹਰਿਆਣਾ ’ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇਸੇ ਦੌਰਾਨ ਅੱਜ ਦੇਰ ਰਾਤ ਕਰੀਬ ਨੌਂ ਵਜੇ ਸਿਰਸਾ ਦੇ ਡੀਸੀ ਪ੍ਰਦੀਪ ਡਾਗਰ ਤੇ ਪੁਲੀਸ ਮੁਖੀ ਭੁਪਿੰਦਰ ਸਿੰਘ ਨੇ ਪੰਜਾਬ ਨਾਲ ਲੱਗਦੀਆਂ ਸੀਲ ਕੀਤੀਆਂ ਹੱਦਾਂ ਦਾ ਜਾਇਜ਼ਾ ਲਿਆ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਪੰਜਾਬ-ਹਰਿਆਣਾ ਦੀ ਹੱਦ ਉਤੇ ਭਾਰੀ ਗਿਣਤੀ ਵਿਚ ਪੁਲੀਸ ਬਲ ਦਾ ਪੁੱਜਣਾ ਜਾਰੀ ਹੈ। ਪੁਲੀਸ-ਪ੍ਰਸ਼ਾਸਨ ਮੁਤਾਬਕ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਐੱਸਡੀਐਮ ਅਸ਼ਵਨੀ ਕੁਮਾਰ ਹੱਦ ’ਤੇ ਬਤੌਰ ਡਿਊਟੀ ਮੈਜਿਸਟਰੇਟ ਹਾਜ਼ਰ ਰਹਿਣਗੇ।