ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 28 ਅਕਤੂਬਰ
ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਵੱਡੇ ਵੱਡੇ ਮਹਾਂਰਥੀ ਚੋਣ ਮੈਦਾਨ ਵਿਚ ਆਪਣੇ ਨਾਮਜ਼ਦਗੀ ਪਰਚੇ ਭਰ ਰਹੇ ਹਨ। ਵਾਰਡ ਨੰਬਰ ਇਕ ਤੇ ਤਿੰਨ ਵਿਚ ਫਸਵਾਂ ਮੁਕਾਬਲਾ ਹੋਵੇਗਾ ਜਿਨ੍ਹਾਂ ਵਿਚ ਕਾਂਗਰਸ ਸਮਰਪਿਤ ਪਿਤਾ ਤੇ ਧੀ ਵੱਖ ਵੱਖ ਵਾਰਡਾਂ ਵਿਚ ਚੋਣ ਮੈਦਾਨ ਵਿਚ ਉਤਰੇ ਹਨ। ਉਥੇ ਦੂਜੇ ਪਾਸੇ ਜਜਪਾ ਸਮਰਪਿਤ ਦਿਉਰ ਤੇ ਭਰਜਾਈ ਚੋਣ ਮੈਦਾਨ ਵਿਚ ਹਨ । ਸਥਾਨਕ ਵਿਧਾਇਕ ਰਾਮ ਕਰਣ ਕਾਲਾ ਨੇ ਆਪਣੇ ਪੁੱਤਰ ਤੇ ਨੂੰਹ ਨੂੰ ਜ਼ਿਲ੍ਹਾ ਪਰਿਸ਼ਦ ਲਈ ਚੋਣ ਮੈਦਾਨ ਵਿਚ ਉਤਾਰਿਆ ਹੈ। ਜ਼ਿਲ੍ਹਾ ਪਰਿਸ਼ਦ ਦੇ ਸਾਰੇ ਉਮੀਦਵਾਰ ਸਾਰੇ ਵਾਰਡਾਂ ਵਿਚ ਜਾ ਜਾ ਕੇ ਆਪਣੀਆਂ ਪ੍ਰਾਪਤੀਆਂ ਦਸ ਕੇ ਵੋਟ ਮੰਗ ਰਹੇ ਹਨ। ਵਾਰਡ ਦੇ ਹਰ ਵੋਟਰ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ। ਪਰਿਵਾਰ, ਸਮਰਥਕ, ਪਾਰਟੀ ਕਾਰਕੁੰਨ ਤੇ ਕਈ ਵੱਡੇ ਨੇਤਾ ਵੀ ਇਸ ਮੁਹਿੰਮ ਵਿਚ ਲੱਗੇ ਹੋਏ ਹਨ। ਭਾਜਪਾ, ਜਜਪਾ ਤੇ ਕਾਂਗਰਸੀ ਸਮਰਪਿਤ ਉਮੀਦਵਾਰ ਬਾਗੀਆਂ ’ਤੇ ਪੂਰੀ ਨਜ਼ਰ ਰਖ ਰਹੇ ਹਨ ਤਾਂ ਜੋ ਉਹ ਉਨ੍ਹਾਂ ਦਾ ਗਣਿਤ ਨਾ ਵਿਗਾੜ ਸਕਣ।
ਸ਼ਾਹਬਾਦ ਬਲਾਕ ਵਿਚ ਮਹੱਤਵਪੂਰਨ ਸੀਟ ਜ਼ਿਲ੍ਹਾ ਪਰਿਸ਼ਦ ਵਾਰਡ ਇਕ ਤੇ ਤਿੰਨ ਰਹੇਗੀ। ਇਨ੍ਹਾਂ ਵਾਰਡਾਂ ਵਿਚ ਫਸਵਾਂ ਮੁਕਾਬਲਾ ਹੋਣ ਦੇ ਅਸਾਰ ਹਨ। ਇਕ ਪਾਸੇ ਵਿਧਾਇਕ ਰਾਮ ਕਰਣ ਕਾਲਾ ਦੇ ਪੁੱਤਰ ਤੇ ਨੂੰਹ ਤੇ ਦੂਜੇ ਪਾਸੇ ਕਾਂਗਰਸੀ ਨੇਤਾ ਪ੍ਰੇਮ ਹਿੰਗਾਖੇੜੀ ਤੇ ਉਸ ਦੀ ਧੀ ਪਿੰਕੀ ਜੋ ਖੁਦ ਯੁਵਾ ਕਾਂਗਰਸ ਦੀ ਜ਼ਿਲ੍ਹਾ ਮੀਤ ਪ੍ਰਧਾਨ ਹੈ, ਚੋਣ ਮੈਦਾਨ ਵਿਚ ਹਨ। ਹਾਲਾਂ ਕਿ ਦੋਵੇਂ ਧਿਰਾਂ ਪਾਰਟੀ ਸਿੰਬਲ ’ਤੇ ਚੋਣ ਨਹੀਂ ਲੜ ਰਹੀਆਂ। ਇਥੋਂ ਦੇ ਵਾਸੀਆਂ ਨੇ ਕਿਹਾ ਕਿ ਇਸ ਵਾਰ ਚੋਣਾਂ ਵਿਚ ਦਿਲਚਸਪ ਮੁਕਾਬਲਾ ਦੇਖਣ ਨੂੰੂ ਮਿਲੇਗਾ ਕਿਉਂਕਿ ਉਹ ਸਾਰ ਨਾ ਲੈਣ ਵਾਲੇ ਉਮੀਦਵਾਰ ਨੂੰ ਸਵਾਲ ਪੁੱਛ ਰਹੇ ਹਨ।