ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਪਿੰਡ ਯਾਰਾ ਦੇ ਸਰਕਾਰੀ ਸਕੂਲ ਵਿਚ ਅਯਨ ਫਾਊਂਡੇਸ਼ਨ ਵੱਲੋਂ ਮੁਫ਼ਤ ਸਿਹਤ ਜਾਂਚ ਕੈਂਪ ਲਾਇਆ ਗਿਆ। ਇਸ ਵਿਚ ਮੁੱਖ ਮੰਤਰੀ ਦੇ ਰਾਜਨੀਤਕ ਸਲਾਹਕਾਰ ਤੇ ਸਾਬਕਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਬਤੌਰ ਮੁੱਖ ਮਹਿਮਾਨ ਤੇ ਸਾਬਕਾ ਸੰਸਦ ਕੈਲਾਸ਼ੋ ਸੈਣੀ ਨੇ ਸ਼ਿਰਕਤ ਕੀਤੀ। ਫਾਊਂਡੇਸ਼ਨ ਦੇ ਚੇਅਰਮੈਨ ਕਰਨ ਪ੍ਰਤਾਪ ਬੇਦੀ ਤੇ ਉਨ੍ਹਾਂ ਦੀ ਟੀਮ ਨੇ ਕੈਂਪ ਵਿਚ ਪੁੱਜਣ ’ਤੇ ਮੁੱਖ ਮਹਿਮਾਨ ਦਾ ਸੁਆਗਤ ਕੀਤਾ। ਬੇਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਫਾਊਂਡੇਸ਼ਨ ਦੀ ਟੀਮ ਨੇ 2015 ਵਿਚ ਮੁੱਖ ਮੰਤਰੀ ਮਨੋਹਰ ਲਾਲ ਨੂੰ ਸੂਬੇ ਵਿਚ ਨਸ਼ੇ ਖ਼ਿਲਾਫ਼ ਟਾਸਕ ਫੋਰਸ ਗਠਨ ਕਰਨ ਲਈ ਮੈਮੋਰੰਡਮ ਸੌਂਪਿਆ ਸੀ ਤੇ ਅੱਜ ਸੂਬਾ ਸਰਕਾਰ ਵਲੋਂ ਗਠਿਤ ਟਾਸਕ ਫੋਰਸ ਨਸ਼ੇ ਖ਼ਿਲਾਫ਼ ਜ਼ਬਰਦਸਤ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਯੂਪੀ ਦੀ ਤਰਜ਼ ’ਤੇ ਹਰਿਆਣਾ ਵਿਚ ਵੀ ਨਸ਼ੇ ਖ਼ਿਲਾਫ਼ ਬੁਲਡੋਜ਼ਰ ਚੱਲ ਰਿਹਾ ਹੈ। ਕੈਲਾਸ਼ੋ ਸੈਣੀ ਨੇ ਕਿਹਾ ਕਿ ਨੌਜਵਾਨਾਂ ਦੀਆਂ ਰਗਾਂ ਵਿਚ ਵਹਿਣ ਵਾਲਾ ਖ਼ੂਨ ਦੇਸ਼ ਦੀ ਦਸ਼ਾ ਤੇ ਦਿਸ਼ਾ ਨੂੰ ਬਦਲ ਸਕਦਾ ਹੈ। ਫਾਊਂਡੇਸ਼ਨ ਦੇ ਚੇਅਰਮੈਨ ਨੇ ਦੱਸਿਆ ਕਿ ਕੈਂਪ ਵਿਚ ਕਰੀਬ 300 ਤੋਂ ਵਧ ਲੋਕਾਂ ਦੀ ਸਿਹਤ ਦੀ ਜਾਂਚ ਮਾਹਿਰ ਡਾਕਟਰਾਂ ਵੱਲੋਂ ਕੀਤੀ ਗਈ। ਇਸ ਮੌਕੇ ਹੈਲਪਰਜ਼ ਸੁਸਾਇਟੀ ਦੇ ਪ੍ਰਧਾਨ ਤਿਲਕ ਰਾਜ ਅਗਰਵਾਲ, ਜੈ ਪਾਲ, ਸਰਪੰਚ ਵਿਨੋਦ ਸੈਣੀ, ਪੁਨੀਤ ਸੌਦਾ, ਅਵਤਾਰ ਸਿੰਘ, ਸੁਲਤਾਨ ਸੰਧੂ, ਜਗਤਾਰ, ਜਸਵਿੰਦਰ ਸੰਧੂ ਆਦਿ ਤੋਂ ਇਲਾਵਾ ਕਈ ਪਤਵੰਤੇ ਮੌਜੂਦ ਸਨ।