ਪੱਤਰ ਪ੍ਰੇਰਕ
ਡੱਬਵਾਲੀ, 19 ਸਤੰਬਰ
ਜਨਨਾਇਕ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਡਾ. ਅਜੈ ਸਿੰਘ ਚੌਟਾਲਾ ਨੇ ਕਿਹਾ ਕਿ ਜਜਪਾ ਦਾ ਹਰੇਕ ਵਰਕਰ 24 ਕੈਰੇਟ ਸੋਨੇ ਵਾਂਗ ਹੈ। ਪਾਰਟੀ ਅੱਜ ਵਰਕਰਾਂ ਦੀ ਬਦੌਲਤ ਆਪਣੇ ਉਦੇਸ਼ਾਂ ਨੂੰ ਸਹੀ ਮਾਅਨੇ ’ਚ ਪੂਰਾ ਕਰ ਰਹੀ ਹੈ। ਬੂਥ ਪੱਧਰ ਦੇ ਕਾਰਕੁਨ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ। ਉਹ ਅੱਜ ਵੱਖ-ਵੱਖ ਥਾਵਾਂ ’ਤੇ ਵਰਕਰਾਂ ਨੂੰ ਮੁਖਾਤਬ ਹੋਏ। ਇਸ ਮੌਕੇ ਕਾਫ਼ੀ ਗਿਣਤੀ ਪਰਿਵਾਰਾਂ ਨੇ ਸ੍ਰੀ ਚੌਟਾਲਾ ਦੀ ਮੌਜੂਦਗੀ ’ਚ ਜਜਪਾ ’ਚ ਸ਼ਮੂਲੀਅਤ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜਜਪਾ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀਲਾਲ ਦੀਆਂ ਨੀਤੀਆਂ ’ਤੇ ਆਧਾਰਤ ਸਿਆਸੀ ਦਲ ਹੈ, ਜਿਸ ਦਾ ਮੁੱਖ ਉਦੇਸ਼ ਗਰੀਬਾਂ, ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਸਮੇਤ ਹਰੇਕ ਵਰਗਾਂ ਦੇ ਹਿੱਤਾਂ ਦੀ ਰਾਖੀ ਕਰਣਾ ਹੈ। ਸ੍ਰੀ ਚੌਟਾਲਾ ਨੇ ਕਿਹਾ ਦੁਸ਼ਯੰਤ ਚੌਟਾਲਾ ਵੱਲੋਂ ਸੂਬੇ ਦੇ ਨਾਲ-ਨਾਲ ਡੱਬਵਾਲੀ ਵਿਧਾਨਸਭਾ ਖੇਤਰ ਦੇ ਵਿਕਾਸ ਨੂੰ ਮੁੱਖ ਤੌਰ ’ਤੇ ਤਰਜੀਹ ਦਿੱਤੀ ਜਾ ਰਹੀ ਹੈ।