ਸਰਬਜੋਤ ਸਿੰਘ ਵਾਲੀਆ
ਕਰਨਾਲ/ਪਾਣੀਪਤ, 24 ਅਪਰੈਲ
ਇੱਥੇ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰਿਆਣਾ ਸਰਕਾਰ ਵੱਲੋਂ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗੁਰੂ ਸਾਹਿਬ ਦੇ ਬਲਿਦਾਨ ਨੂੰ ਯਾਦ ਕਰਦਿਆਂ ਕਈ ਵੱਡੇ ਐਲਾਨ ਕੀਤੇ। ਸਭ ਤੋਂ ਪਹਿਲਾਂ ਮੁੱਖ ਮੰਤਰੀ ਖੱਟਰ ਪੰਡਾਲ ਵਿੱਚ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਤਮਸਤਕ ਹੋਏ। ਉਪਰੰਤ ਉਨ੍ਹਾਂ ਸੰਗਤ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਜ਼ੁਲਮ ਅਤੇ ਅਨਿਆਂ ਖ਼ਿਲਾਫ਼ ਆਵਾਜ਼ ਉਠਾਉਂਦੇ ਹੋਏ ਆਪਣਾ ਬਲਿਦਾਨ ਦਿੱਤਾ ਸੀ। ਅੱਜ ਉਨ੍ਹਾਂ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ‘ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ’ ਤਹਿਤ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਦਾ ਮੁੱਖ ਮਕਸਦ ਵੀ ਇਹੀ ਹੈ ਕਿ ਗੁਰੂ ਤੇਗ ਬਹਾਦਰ ਦੇ ਤਿਆਗ, ਬਲਿਦਾਨ ਤੇ ਸੰਘਰਸ਼ ਦੀਆਂ ਕਥਾਵਾਂ ਲੋਕਾਂ ਤੱਕ ਪਹੁੰਚਣ ਅਤੇ ਉਨ੍ਹਾਂ ਤੋਂ ਆਉਣ ਵਾਲੀਆਂ ਪੀੜ੍ਹੀਆਂ ਪ੍ਰੇਰਿਤ ਹੋ ਸਕਣ।
ਇਸ ਦੌਰਾਨ ਉਨ੍ਹਾਂ ਪਾਣੀਪਤ ਦੀ ਇਤਿਹਾਸਕ ਧਰਤੀ ’ਤੇ ਹੋਏ ਸਮਾਗਮ ਵਾਲੀ ਥਾਂ ਦਾ ਨਾਮ ਗੁਰੂ ਤੇਗ ਬਹਾਦਰ ਦੇ ਨਾਂ ’ਤੇ ਰੱਖਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਜਿਹੜੇ ਰਾਹ ਤੋਂ ਪਾਲਕੀ ਆਈ, ਉਸ ਰਾਹ ਦਾ ਨਾਂ ਵੀ ਗੁਰੂ ਤੇਗ ਬਹਾਦਰ ਮਾਰਗ ਰੱਖਣ ਦਾ ਐਲਾਨ ਕੀਤਾ ਗਿਆ। ਸ੍ਰੀ ਖੱਟਰ ਨੇ ਕਿਹਾ ਕਿ ਯਮੁਨਾਨਗਰ ਵਿੱਚ ਬਣਨ ਵਾਲੇ ਸਰਕਾਰੀ ਮੈਡੀਕਲ ਕਾਲਜ ਦਾ ਨਾਮ ਵੀ ਗੁਰੂ ਤੇਗ ਬਹਾਦਰ ਜੀ ਦੇ ਨਾਂ ‘ਤੇ ਰੱਖਿਆ ਗਿਆ ਹੈ, ਜਿਸ ਦਾ ਛੇਤੀ ਹੀ ਨੀਂਹ ਪੱਥਰ ਰੱਖਿਆ ਜਾਵੇਗਾ। ਇੱਕ ਹੋਰ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਸ਼ਸਤਰਾਂ ਦੀ ਪ੍ਰਦਰਸ਼ਨੀ ਪੂਰੇ ਦੇਸ਼ ਵਿਚ ਲਗਾਈ ਜਾਵੇਗੀ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਮਾਜ ਅਤੇ ਦੇਸ਼ ਦੀ ਰੱਖਿਆ ਲਈ ਆਪਣਾ ਬਲਿਦਾਨ ਦਿੱਤਾ ਸੀ, ਜੋ ਦੁਨੀਆ ਵਿੱਚ ਸਭ ਤੋਂ ਵੱਡੀ ਕੁਰਬਾਨੀ ਹੈ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਹਰਿਆਣਾ ਨਾਲ ਡੂੰਘਾ ਰਿਸ਼ਤਾ ਰਿਹਾ ਹੈ। ਉਨ੍ਹਾਂ ਹਰਿਆਣਾ ਤੇ ਪੰਜਾਬ ਵਿੱਚੋਂ 6 ਯਾਤਰਾਵਾਂ ਕੀਤੀਆਂ ਸਨ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ 32 ਗੁਰੂਘਰ, ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਛੋਹ ਪ੍ਰਾਪਤ ਹਨ, ਜਿਨ੍ਹਾਂ ਵਿੱਚ ਗੁਰੂ ਜੀ ਧਮਤਾਨ ਸਾਹਿਬ, ਮੰਜੀ ਸਾਹਿਬ, ਗੜ੍ਹੀ ਸਾਹਿਬ ਤੇ ਕਰਾਹ ਸਾਹਿਬ ਆਦਿ ਸ਼ਾਮਲ ਹਨ। ਸ੍ਰੀ ਖੱਟਰ ਨੇ ਕਿਹਾ ਕਿ ਸ਼ਹੀਦੀ ਮਗਰੋਂ ਗੁਰੂ ਸਾਹਿਬ ਦਾ ਸੀਸ ਵੀ ਹਰਿਆਣਾ ਵਿੱਚੋਂ ਹੀ ਪੰਜਾਬ ਵਿੱਚ ਲਿਜਾਇਆ ਗਿਆ ਸੀ।