ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 10 ਜਨਵਰੀ
ਹਰਿਆਣਾ ਕਲਾ ਪਰਿਸ਼ਦ ਵੱਲੋਂ ਹਰ ਹਫ਼ਤੇ ਆਨਲਾਈਨ ਪ੍ਰੋਗਰਾਮਾਂ ਦੇ ਰਾਹੀਂ ਸੂਬੇ ਦੇ ਕਲਾਕਾਰਾਂ ਨੂੰ ਮੰਚ ਦਿੱਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਰਾਗਨੀ ਮੁਕਾਬਲੇ ਕਰਵਾਏ ਗਏ। ਪ੍ਰੋਗਰਾਮ ਦੌਰਾਨ ਹਰਿਆਣਾ ਕਲਾ ਪਰਿਸ਼ਦ ਦੇ ਨਿਰਦੇਸ਼ਕ ਸੰਜੇ ਭਸੀਨ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਹਰਿਆਣਾ ਦੀ ਸੰਸਕ੍ਰਿਤੀ ਨੂੰ ਜਨ ਜਨ ਤਕ ਪਹੁੰਚਾਉਣਾ ਹੀ ਹਰਿਆਣਾ ਕਲਾ ਪਰਿਸ਼ਦ ਦੀ ਜ਼ਿੰਮੇਵਾਰੀ ਹੈ, ਜਿਸ ਨੂੰ ਪੂਰਾ ਕਰਨ ਲਈ ਕਲਾ ਪਰਿਸ਼ਦ ਸਦਾ ਯਤਨਸ਼ੀਲ ਹੈ।
ਆਨਲਾਈਨ ਪ੍ਰੋਗਰਾਮਾਂ ਦੀ ਸਫ਼ਲਤਾ ਬਾਰੇ ਦੱਸਦੇ ਹੋਏ ਭਸੀਨ ਨੇ ਕਿਹਾ ਕਿ ਕੋਵਿਡ-19 ਦੇ ਕਹਿਰ ਦੇ ਕਾਰਨਾਂ ਕਰ ਕੇ ਕਲਾਕਾਰਾਂ ਦੀ ਆਰਥਿਕ ਹਾਲਤ ਕਮਜ਼ੋਰ ਹੋ ਗਈ ਸੀ ਅਤੇ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤਹਿਤ ਸੰਸਕ੍ਰਿਤਕ ਪ੍ਰੋਗਰਾਮਾਂ ’ਤੇ ਵੀ ਪਬੰਦੀ ਸੀ। ਉਨ੍ਹਾਂ ਦੱਸਿਆ ਕਿ ਆਨਲਾਈਨ ਪ੍ਰੋਗਰਾਮਾਂ ਦੇ ਲਈ ਪਹਿਲਾਂ ਕਲਾਕਾਰਾਂ ਨਾਲ ਖੁਦ ਸੰਪਰਕ ਕਰਨਾ ਪੈ ਰਿਹਾ ਸੀ ਪਰ ਪ੍ਰੋਗਰਾਮਾਂ ਦੀ ਸਫ਼ਲਤਾ ਨੂੰ ਦੇਖਦੇ ਹੋਏ ਹਰਿਆਣਾ ਦੇ ਲੋਕ ਕਲਾਕਾਰ ਆਗਾਮੀ ਦਿਨਾਂ ਵਿਚ ਆਪਣੀ ਪੇਸ਼ਕਾਰੀ ਦੇਣ ਲਈ ਨਿਰੰਤਰ ਸੰਪਰਕ ਕਰ ਰਹੇ ਹਨ। ਹਰਿਆਣਾ ਰਾਗਨੀ ਪ੍ਰੋਗਰਾਮ ਵਿਚ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਕਲਾਕਾਰਾਂ ਨੇ ਆਪਣੀ ਗਾਇਕੀ ਦਾ ਜਾਦੂ ਦਿਖਾਇਆ।
ਪ੍ਰੋਗਰਾਮ ਦਾ ਸੰਚਾਲਨ ਕਲਾ ਪਰਿਸ਼ਦ ਦੇ ਮੀਡੀਆ ਇੰਚਾਰਜ ਵਿਕਾਸ ਸ਼ਰਮਾ ਨੇ ਕੀਤਾ। ਪ੍ਰੋਗਰਾਮ ਵਿਚ ਲੋਕ ਗਾਇਕ ਕ੍ਰਿਸ਼ਨ ਲਾਲ ਕਾਪੜੋ, ਰਾਜਾ ਸੰਮਦਰ ਸਿੰਘ, ਕ੍ਰਿਸ਼ਨ ਸ਼ਾਸ਼ਤਰੀ ਤੇ ਵੇਦ ਪਾਲ ਅੰਨੀ ਨੇ ਰਾਗਨੀਆਂ ਸੁਣਾਈਆਂ। ਕਲਾਕਾਰਾਂ ਨੇ ਕੁਰੂਕਸ਼ੇਤਰ ਵਿਚ ਅਰਜਨ ਨੇ ਜਦ ਦੇਖਾ ਰੇ ਪਰਿਵਾਰ, ਛੋੜ ਦੀਏ ਹਥਿਆਰ ਸੁਣਾ ਕੇ ਮਹਾਂ ਭਾਰਤ ਦੇ ਕਿੱਸੇ ਨੂੰ ਜੀਵਤ ਕਰ ਦਿੱਤਾ। ਕਲਾਕਾਰਾਂ ਨੇ ਜਹਾਜ਼ ਕੇ ਮੈਂ ਬੈਠ ਗੋਰੀ ਰਾਮ ਰਟ ਕੇ, ਔਢਨਾ ਸਿਮਾਲੀਏ ਤੇਰਾ ਪਲੂ ਲਟਕੇ, ਕੈ ਸੁਪਣੇ ਕਾ ਜ਼ਿਕਰ ਕਰੂੰ ਮਨੈ ਬਾਤ ਜ਼ਰੂਰੀ ਆਗੀ, ਤੰਬੂ ਕੇ ਮਾਂ ਪੜੈ ਪੜੇ ਨਾ ਯਾਦ ਅੰਗੂਰੀ ਆਗੀ ਆਦਿ ਰਾਗਨੀਆਂ ਰਾਹੀਂ ਵਾਹਾਵਾਹੀ ਖੱਟੀ। ਇਸ ਤੋਂ ਇਲਾਵਾ ਵੀਰ ਰਸ ਨਾਲ ਭਰੀ ਰਾਗਨੀ ਕਟਣ ਮਰਣ ਤੈ ਸਯਾਰ ਡਰਯਾਂ ਕਰੈ, ਸ਼ੇਰ ਭਰਯਾਂ ਕਰੈ ਚਾਵ ਮੈਂ ਸੁਭਾਸ਼ ਚੰਦਰ ਬੋਸ ਦੀ ਵੀਰਤਾ ਦਾ ਵਿਖਿਆਨ ਕਰਦੇ ਹੋਏ ਦੇਸ਼ ਪ੍ਰੇਮ ਜ਼ਾਹਿਰ ਕੀਤਾ।