ਪੱਤਰ ਪ੍ਰੇਰਕ
ਫਰੀਦਾਬਾਦ, 7 ਅਕਤੂਬਰ
ਅਰਾਵਲੀ ਪਹਾੜੀ ਦੀ ਇੱਕ ਗੁੱਠ ਵਿੱਚ ਬਣੇ ਇਤਿਹਾਸਕ ਸੂਰਜਕੁੰਡ ਵਿੱਚ ਬਣੇ ਕੁੰਡ ਵਿੱਚ ਇਸ ਵਾਰ ਦੇ ਮੀਂਹਾਂ ਦੌਰਾਨ ਵੀ ਪਾਣੀ ਨਹੀਂ ਭਰਿਆ। ਇਸ ਕੁੰਡ ਵਿੱਚ 15 ਸਾਲਾਂ ਤੋਂ ਪਾਣੀ ਨਹੀਂ ਭਰਿਆ ਤੇ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਕੋਈ ਤਰੱਦਦ ਵੀ ਨਹੀਂ ਕੀਤਾ ਗਿਆ।
10ਵੀਂ ਸਦੀ ਦਾ ਇਹ ਕੁੰਡ ਕਦੇ ਇਲਾਕੇ ਵਿੱਚ ਪਾਣੀ ਦਾ ਵੱਡਾ ਸਰੋਤ ਮੰਨਿਆ ਜਾਂਦਾ ਸੀ। ਤੋਮਰ ਵੰਸ਼ ਦੇ ਰਾਜਾ ਸੂਰਜਪਾਲ ਵੱਲੋਂ ਇਹ ਕੁੰਡ ਪੱਥਰ ਤੇ ਚੂਨੇ ਨਾਲ ਬਣਾਇਆ ਗਿਆ ਸੀ, ਜੋ ਹੁਣ ਹਰਿਆਣਾ ਟੂਰਿਜ਼ਮ ਦਾ ਸੈਲਾਨੀ ਕੇਂਦਰ ਹੈ। ਕੌਮਾਂਤਰੀ ਸੂਰਜਕੁੰਡ ਦਸਤਕਾਰੀ ਮੇਲਾ ਵੀ ਇੱਥੇ ਹਰ ਸਾਲ ਲੱਗਦਾ ਹੈ। ਅਰਧ ਵਿਆਸ ਦੇ ਅਕਾਰ ਵਿੱਚ ਬਣੇ ਕੁੰਡ ਨੂੰ ਸੂਰਜ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਇਸ ਕੁੰਡ ਦਾ ਅਕਾਰ ਇੱਕ ‘ਐਮੀਥਿਏਟਰ’ ਵਰਗਾ ਹੈ। ਹੁਣ ਇਸ ਕੁੰਡ ਦੇ ਵਿਚਾਲੇ ਬਣਿਆ ਪਾਣੀ ਦਾ ਪੱਧਰ ਮਾਪਣ ਵਾਲਾ ਥੜਾ ਵੀ ਟੁੱਟ ਚੁੱਕਾ ਹੈ। ਪਾਣੀ ਦੇ ਸਰੋਤ ਬੰਦ ਹੋ ਚੁੱਕੇ ਹਨ। ਨਾਲ ਹੀ ਬਣੀ ਸੂਰਜਕੁੰਡ ਝੀਲ ਵੀ ਦਹਾਕਾ ਪਹਿਲਾਂ ਸੁੱਕ ਚੁੱਕੀ ਹੈ। ਕਦੇ ਦਿੱਲੀ-ਐੱਨਸੀਆਰ ਦੇ ਲੋਕ ਇੱਥੇ ਆਪਣਾ ਸ਼ਾਮ ਦਾ ਵੇਲਾ ਬਿਤਾਉਂਦੇ ਸਨ, ਖ਼ਾਸ ਕਰ ਕੇ ਦੱਖਣੀ ਦਿੱਲੀ ਦੇ ਲੋਕਾਂ ਲਈ ਇਹ ਆਰਾਮ ਤੇ ਸ਼ਾਂਤੀਮਈ ਸਥਾਨ ਰਿਹਾ ਹੈ। ਇਹ ਥਾਂ ਦੱਖਣੀ ਦਿੱਲੀ ਤੋਂ 8 ਕਿਲੋਮੀਟਰ ਦੂਰ ਹੈ। ਸੂਰਜਕੁੰਡ ਵਿੱਚ ਪਾਣੀ ਨਾ ਹੋਣ ਕਰ ਕੇ ਵੀ ਸੈਲਾਨੀਆਂ ਦਾ ਰੁਝਾਨ ਉਸੇ ਤਰ੍ਹਾਂ ਘਟਿਆ ਹੈ ਜਿਵੇਂ ਕਾਲਿੰਦੀ ਕੁੰਜ ਦੇ ਪਾਰਕ ਵਿੱਚ ਜਾਣ ਵਾਲੇ ਹੁਣ ਹੋਰ ਥਾਵਾਂ ਵੱਲ ਨੂੰ ਰੁਖ਼ ਕਰ ਚੁੱਕੇ ਹਨ।