ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 7 ਫਰਵਰੀ
ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ 9 ਫਰਵਰੀ ਨੂੰ ਥਾਣਾ ਟੌਲ ਪਲਾਜ਼ਾ ਕੋਲ ਪਿੰਡ ਗੁਮਥਲਾ ਗੜੂ ਵਿਚ ਪਹੁੰਚ ਰਹੇ ਹਨ, ਜਿਥੇ ਉਹ ਕਿਸਾਨਾਂ ਦੀ ਮਹਾਪੰਚਾਇਤ ਨੂੰ ਸੰਬੋਧਨ ਕਰਨਗੇ। ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਰਾਕੇਸ਼ ਟਿਕੈਤ ਦੇ ਦੌਰੇ ਨੂੰ ਕਾਮਯਾਬ ਕਰਨ ਲਈ ਦਿਨ ਰਾਤ ਇਕ ਕਰ ਦਿੱਤਾ ਹੈ। ਕਿਸਾਨ ਆਗੂ ਰਾਮ ਧਾਰੀ ਡੁਡੀ, ਜਸਬੀਰ ਜੈਨ ਪੁਰ ਤੇ ਭਗਵੰਤ ਸਿੰਘ ਵਿਰਕ ਦੀ ਅਗਵਾਈ ਵਿਚ ਕਿਸਾਨਾਂ ਦੀ ਟੀਮ ਨੇ ਬਾਬੈਨ ਖੇਤਰ ਦੇ ਪਿੰਡ ਬੇਰਥਲਾ, ਬੇਰਥਲੀ, ਬੁਹਾਵੀ, ਮੰਗੋਲੀ ਜਾਟਾਨ ਸਣੇ ਕਈ ਪਿੰਡਾਂ ਦਾ ਦੌਰਾ ਕਰ ਕੇ ਰਾਕੇਸ਼ ਟਿਕੈਤ ਦੀ ਅਗਵਾਈ ਵਿਚ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਦੇ ਲਈ ਕਿਸਾਨਾਂ ਨੂੰ ਸੱਦਾ ਦਿੱਤਾ। ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਕਿਸਾਨਾਂ ਦਾ ਦਿੱਲੀ ਵਿਚ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਜਾਰੀ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤਾਂ ਜੋ ਖੇਤੀ ਕਾਨੂੰਨ ਵਾਪਸ ਲੈਣ ਲਈ ਕੇਂਦਰ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ। ਰਾਮ ਧਾਰੀ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੀ ਤਾਨਾਸ਼ਾਹੀ ਤੇ ਅਣਮਨੁੱਖੀ ਵਤੀਰੇ ਦਾ ਇਸ ਅੰਦੋਲਨ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਕਿਸਾਨ ਤੇ ਦੇਸ਼ ਹਿੱਤ ਲਈ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਨਰੇਸ਼ ਕੁਮਾਰ, ਰਾਹੁਲ ਬੇਰਥਲਾ, ਅਜੈ ਬੁਹਾਵੀ, ਕਮਲ ਦੂਹਨ, ਗੁਰਮੁੱਖ ਸਿੰਘ, ਰਮੇਸ਼ ਚੰਦ ਤੋਂ ਇਲਾਵਾ ਕਈ ਕਿਸਾਨ ਮੌਜੂਦ ਸਨ।