ਸਤਪਾਲ ਰਾਮਗੜ੍ਹੀਆ
ਪਿਹੋਵਾ, 19 ਮਈ
ਚੈਤਰ ਚੌਦਸ ਮੇਲੇ ਦੀਆਂ ਤਨਖਾਹਾਂ ਨਾ ਮਿਲਣ ਤੋਂ ਦੁਖੀ ਸਫ਼ਾਈ ਕਰਮਚਾਰੀਆਂ ਨੇ ਵੀਰਵਾਰ ਨੂੰ ਐੱਸ.ਡੀ.ਐੱਮ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ| ਸਫ਼ਾਈ ਦਾ ਕੰਮ ਕਰਨ ਵਾਲੇ ਸੂਰਜ ਪ੍ਰਕਾਸ਼, ਦੀਪਕ, ਜੋਗਿੰਦਰ, ਰਾਣੀ ਅਤੇ ਰੀਨਾ ਦੇਵੀ ਸਮੇਤ ਕਈ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਰਸਵਤੀ ਤੀਰਥ ਵਿੱਚ 29 ਤੋਂ 31 ਮਾਰਚ ਤੱਕ ਕਰਵਾਏ ਗਏ ਤਿੰਨ ਰੋਜ਼ਾ ਸਾਲਾਨਾ ਚੈਤਰ ਚੌਦਸ ਮੇਲੇ ਦੌਰਾਨ ਸਫ਼ਾਈ ਦਾ ਕੰਮ ਕੀਤਾ ਸੀ ਪਰ ਹੁਣ ਤੱਕ ਉਨ੍ਹਾਂ ਨੂੰ ਇਸ ਕੰਮ ਦੀ ਮਜ਼ਦੂਰੀ ਨਹੀਂ ਮਿਲੀ। ਸਫ਼ਾਈ ਦੇ ਕੰਮ ਤੋਂ ਇਲਾਵਾ ਮੇਲੇ ਨਾਲ ਸਬੰਧਤ ਹੋਰ ਕੰਮ ਕਰਨ ਵਾਲੇ ਲੋਕਾਂ ਦੇ ਬਿਲਾਂ ਦਾ ਵੀ ਅਜੇ ਤੱਕ ਭੁਗਤਾਨ ਨਹੀਂ ਕੀਤਾ ਗਿਆ। ਮਾਮਲੇ ਸਬੰਧੀ ਐੱਸਡੀਐੱਮ ਸੋਨੂੰ ਰਾਮ ਦਾ ਕਹਿਣਾ ਹੈ ਕਿ ਮੇਲਾ ਮਾਰਚ ਮਹੀਨੇ ਦੇ ਆਖਰੀ ਦਿਨਾਂ ਵਿੱਚ ਸੀ, ਜਿਸ ਕਾਰਨ 1 ਅਪਰੈਲ ਤੋਂ ਪਹਿਲਾਂ ਬਜਟ ਦੀ ਵਰਤੋਂ ਨਹੀਂ ਹੋ ਸਕੀ। ਨਵਾਂ ਵਿੱਤੀ ਸਾਲ ਸ਼ੁਰੂ ਹੁੰਦੇ ਹੀ ਬਜਟ ਸਰਕਾਰ ਕੋਲ ਵਾਪਸ ਚਲਾ ਗਿਆ। ਬਜਟ ਨੂੰ ਮੁੜ ਪ੍ਰਸ਼ਾਸਨ ਦੇ ਖਾਤੇ ਵਿੱਚ ਪਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਲਈ ਪੱਤਰ ਲਿਖਿਆ ਗਿਆ ਹੈ। ਬਜਟ ਆਉਂਦੇ ਹੀ ਮੇਲੇ ਨਾਲ ਸਬੰਧਤ ਸਾਰੇ ਬਿਲਾਂ ਦਾ ਭੁਗਤਾਨ ਕਰ ਦਿੱਤਾ ਜਾਵੇਗਾ।