ਪੱਤਰ ਪ੍ਰੇਰਕ
ਯਮੁਨਾਨਗਰ, 17 ਨਵੰਬਰ
ਇੱਥੋਂ ਦੇ ਕਸਬਾ ਸਢੌਰਾ ਅਧੀਨ ਪੈਂਦੇ ਪਿੰਡ ਬਕਾਲਾ ਵਿੱਚ ਇੱਕ ਜੋੜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਰੋਸ਼ਨ ਲਾਲ (70), ਜਿਸ ਨੇ ਲਗਪਗ ਨੌਂ ਮਹੀਨੇ ਪਹਿਲਾਂ ਹੀ 50 ਸਾਲਾ ਪਰਮਜੀਤ ਨਾਲ ਦੂਜਾ ਵਿਆਹ ਕਰਵਾਇਆ ਸੀ, ਦੀਆਂ ਖੂਨ ਨਾਲ ਲਥਪਥ ਲਾਸ਼ਾਂ ਘਰ ਵਿੱਚ ਮਿਲੀਆਂ। ਸੂਚਨਾ ਮਿਲਦਿਆਂ ਹੀ ਸੁਪਰਡੈਂਟ ਪੁਲੀਸ ਕਮਲਦੀਪ ਗੋਇਲ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਪੀਡਬਲਿਊਡੀ ਤੋਂ ਸੇਵਾਮੁਕਤ ਰੋਸ਼ਨ ਲਾਲ ਦੀ ਪਹਿਲੀ ਪਤਨੀ ਦੀ ਬਹੁਤ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੇ ਦੋ ਲੜਕੇ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ। ਸੁਪਰਡੈਂਟ ਪੁਲੀਸ ਨੇ ਕਈ ਟੀਮਾਂ ਦਾ ਗਠਨ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।