ਫ਼ਰੀਦਾਬਾਦ:ਐੱਨਆਈਟੀ ਫਰੀਦਾਬਾਦ ਦੀ ਅਪਰਾਧ ਸਾਖ਼ਾ ਵੱਲੋਂ ਇੱਥੋਂ ਦੇ ਨਹਿਰੂ ਗਰਾਊਂਡ ਵਿੱਚ ਸਥਿਤ ਹੋਟਲ ਵਿੱਚ ਛਾਪਾ ਮਾਰ ਕੇ 8 ਜੁਆਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਐਨਆਈਟੀ ਖੇਤਰ ਦੇ ਵੱਖ-ਵੱਖ ਬਲਾਕਾਂ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਪਛਾਣ ਲਲਿਤ, ਗੁਲਸ਼ਨ, ਵਿਨੋਦ, ਵਿਸ਼ਾਲ, ਹਰੀਸ਼, ਮਨੀ, ਰਿੰਕੂ ਤੇ ਰਕੇਸ਼ ਵਜੋਂ ਹੋਈ ਹੈ।ਅਪਰਾਧ ਸਾਖ਼ਾ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਵਿੱਚ ਕੁੱਝ ਲੋਕ ਜੂਆ ਖੇਡ ਰਹੇ ਹਨ ਤੇ ਟੀਮ ਬਣਾ ਕੇ ਛਾਪਾ ਮਾਰਿਆ ਗਿਆ। ਪੁਲੀਸ ਨੇ 2,04,500 ਰੁਪਏ ਨਕਦ ਤੇ ਜੂਆ ਖੇਡਣ ਵਾਲਾ ਸਾਮਾਨ ਬਰਾਮਦ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਕੋਤਵਾਲੀ ਥਾਣੇ ਵਿੱਚ ਜੂਆ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਹੋਟਲ ਨਹਿਰੂ ਗਰਾਊਂਡ ਦੀ ਲੋਹਾ ਮੰਡੀ ਵਿੱਚ ਸਥਿਤ ਹੈ। ਮਾਲਕ ਰਾਕੇਸ਼ 1500 ਰੁਪਏ ਪ੍ਰਤੀ ਘੰਟੇ ਦੇ ਜੂਆ ਖੇਡਣ ਵਾਲਿਆਂ ਤੋਂ ਵਸੂਲਦਾ ਸੀ ਤੇ ਖ਼ੁਦ ਵੀ ਜੂਆ ਖੇਡਦਾ ਸੀ। ਰਾਕੇਸ਼ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਹੋਟਲ ਬੰਦ ਹੋਣ ਮਗਰੋਂ ਉਸ ਨੂੰ ਘਾਟਾ ਪੈਣ ਲੱਗਾ ਤਾਂ ਰਿੰਕੂ ਨੇ ਇਹ ਸਲਾਹ ਦਿੱਤੀ ਜਿਸ ਮਗਰੋਂ ਮੁੜ ਕਮਾਈ ਹੋਣ ਲੱਗੀ। -ਪੱਤਰ ਪ੍ਰੇਰਕ