ਮਹਾਂਵੀਰ ਮਿੱਤਲ
ਜੀਂਦ, 19 ਫਰਵਰੀ
ਉਚਾਨਾ ਦੇ ਕਿਸਾਨ ਸੇਵਾ ਸਦਨ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕਿਸਾਨ ਭਵਨ ਵਿੱਚ ਦੁਸ਼ਿਅੰਤ ਚੌਟਾਲਾ ਦੇ ਨੁਮਾਇੰਦੇ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਦਿਆਂ ਦੌਰਾਨ ਸੈਂਕੜਿਆਂ ਦੀ ਤਾਦਾਦ ਵਿੱਚ ਕਾਲੇ ਝੰਡਿਆਂ ਨਾਲ ਆ ਕੇ ਕਿਸਾਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਇੱਥੇ ਉਚਾਨਾ ਦੇ ਕਿਸਾਨ ਸੇਵਾ ਸਦਨ ਵਿੱਚ ਹਫਤੇ ਵਿੱਚ ਦੋ ਦਿਨ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸੀ ਤੇ ਕਿਸਾਨ ਅੰਦੋਲਨ ਸ਼ੁਰੂ ਹੋਣ ਮਗਰੋਂ ਹੁਣ ਇੱਥੇ ਦੁਸ਼ਿਅੰਤ ਚੌਟਾਲਾ ਦੇ ਨੁਮਾਇੰਦੇ ਜਗਦੀਸ਼ ਸਿਹਾਗ ਹਫਤੇ ਵਿੱਚ ਦੋ ਦਿਨ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸਨ। ਇਸੇ ਦੌਰਾਨ ਅੱਜ ਜਦੋਂ ਜਗਦੀਸ਼ ਸਿਹਾਗ ਲੋਕਾਂ ਦੀ ਸ਼ਿਕਾਇਤਾਂ ਸੁਣ ਰਹੇ ਸੀ ਤਾਂ ਕਾਲੇ ਝੰਡਿਆਂ ਨਾਲ ਪਹੁੰਚੇ ਕਿਸਾਨ ਦਾਖਲ ਹੋ ਗਏ। ਇਸ ਦੌਰਾਨ ਕਿਸਾਨ ਭਵਨ ਤੋਂ ਬਾਹਰ ਕੱਢਣ ਲਈ ਕਿਸਾਨਾਂ ਨਾਲ ਧੱਕਾ-ਮੁੱਕੀ ਵੀ ਹੋਈ। ਇਸ ਤੋਂ ਪਹਿਲਾਂ ਕਿ ਮਾਮਲਾ ਜ਼ਿਆਦਾ ਅੱਗੇ ਵੱਧਦਾ, ਉੱਥੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਰਫਾ-ਦਫਾ ਕਰ ਦਿੱਤਾ।