ਸ਼ਾਹਬਾਦ ਮਾਰਕੰਡਾ: ਅੱਜ ਬਾਬੈਨ ਵਿਚ ਲਾਡਵਾ ਦੇ ਵਿਧਾਇਕ ਮੇਵਾ ਸਿੰਘ ਤੇ ਸਾਬਕਾ ਮੰਤਰੀ ਅਸ਼ੋਕ ਅਰੋੜਾ ਦੀ ਅਗਵਾਈ ਵਿਚ ਕਾਂਗਰਸੀ ਕਾਰਕੁਨਾਂ ਨੇ ਗੌਰਵ ਤਿਰੰਗਾ ਯਾਤਰਾ ਕੱਢੀ। ਇਸ ਦਾ ਸ਼ੁਭ ਅਰੰਭ ਬਾਬੈਨ ਅਨਾਜ ਮੰਡੀ ਤੋਂ ਹੋਇਆ। ਯਾਤਰਾ ਦੌਰਾਨ ਮੇਵਾ ਸਿੰਘ ਨੇ ਕਿਹਾ ਕਿ ਅੱਜ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਤੇ ਤਾਨਾਸ਼ਾਹੀ ਰਵੱਈਏ ਕਾਰਨ ਦੇਸ਼ ਦਾ ਲੋਕਤੰਤਰ ਖਤਰੇ ਵਿਚ ਹੈ ਜਿਸ ਨੂੰ ਸਭ ਨੇ ਮਿਲ ਕੇ ਬਚਾਉਣਾ ਹੈ। ਸਾਬਕਾ ਮੰਤਰੀ ਅਸ਼ੋਕ ਅਰੋੜਾ ਨੇ ਕਿਹਾ ਕਿ ਸਾਰੀਆਂ ਸੰਵਿਧਾਨਿਕ ਸੰਸਥਾਵਾਂ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਹੈ। ਭਾਜਪਾ ਆਪਣੇ ਵਿਰੋਧੀਆਂ ਨੂੰ ਸਬਕ ਸਿਖਾਉਣ ਲਈ ਈਡੀ ,ਸੀਬੀਆਈ ਤੇ ਆਮਦਨ ਵਿਭਾਗ ਜਿਹੀਆਂ ਏਜੰਸੀਆਂ ਦਾ ਦਰੁ ਉਪਯੋਗ ਕਰ ਦੇਸ਼ ਦਾ ਆਪਸੀ ਭਾਈਚਾਰਾ ਵਿਗਾੜਨ ਦਾ ਯਤਨ ਕਰ ਰਹੀ ਹੈ। ਕਾਂਗਰਸ ਹਰ ਹੀਲੇ ਦੇਸ਼ ਦੀ ਅਖੰਡਤਾ ਤੇ ਏਕਤਾ ਕਾਇਮ ਰੱਖੇਗੀ। ਅਰੋੜਾ ਨੇ ਦੋਸ਼ ਲਾਇਆ ਹੈ ਕਿ ਜੋ ਲੋਕ ਅੱਜ ਰਾਸ਼ਟਰਵਾਦ ਦੀ ਗੱਲ ਕਰਦੇ ਹਨ ਉਨ੍ਹਾਂ ਦੇਸ਼ ਦੀ ਆਜ਼ਾਦੀ ਲਈ ਮਹਾਤਮਾ ਗਾਂਧੀ ਵੱਲੋਂ ਸ਼ੁਰੂ ਕੀਤੇ ਅਸਹਿਯੋਗ ਅੰਦੋਲਨ ਦਾ ਵਿਰੋਧ ਕੀਤਾ ਸੀ ਤੇ ਅੰਗਰੇਜ਼ ਹਕੂਮਤ ਦਾ ਸਾਥ ਦਿੱਤਾ ਸੀ। -ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ: ਆਜ਼ਾਦੀ ਦੇ ਅੰਮ੍ਰਿਤ ਮਹਾਂ ਉਤਸਵ ਦੇ ਚਲਦੇ 75ਵੇਂ ਸੁਤੰਤਰਤਾ ਦਿਵਸ ਦੇ ਸੰਦਰਭ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਮੁੱਖ ਮੰਤਰੀ ਦੇ ਰਾਜਸੀ ਸਲਾਹਕਾਰ ਤੇ ਸਾਬਕਾ ਮੰਤਰੀ ਕ੍ਰਿਸ਼ਨ ਬੇਦੀ ਦੀ ਅਗਵਾਈ ਵਿਚ ਤਿਰੰਗਾ ਮੋਟਰਸਾਈਕਲ ਰੈਲੀ ਕੱਢੀ ਗਈ। ਇਸ ਵਿਚ ਕੁਰੂਕਸ਼ੇਤਰ ਦੇ ਲੋਕ ਸਭਾ ਮੈਂਬਰ ਨਾਇਬ ਸਿੰਘ ਸੈਣੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਰੈਲੀ ਪਵਿਤਰ ਮਾਰਕੰਡਾ ਮੰਦਰ ਤੋਂ ਸ਼ੁਰੂ ਹੋ ਕੇ ਸ਼ਹੀਦ ਊਧਮ ਸਿੰਘ ਸਮਾਰਕ ’ਤੇ ਪੁੱਜੀ। ਇਸ ਤੋਂ ਬਾਦ ਜੀਟੀ ਰੋਡ ਹੁੰਦੇ ਹੋਏ ਸਟੇਸ਼ਨ ਮਾਜਰੀ, ਲਾਡਵਾ ਰੋਡ, ਦੇਵੀ ਮੰਦਰ , ਮੇਨ ਬਾਜ਼ਾਰ ਤੇ ਆਖਰੀ ਪੜਾਅ ਸ਼ਹੀਦ ਜਗਦੀਸ਼ ਕਾਲੜਾ ਤੇ ਜਾ ਕੇ ਸਮਾਪਤ ਹੋਈ। ਸਾਬਕਾ ਮੰਤਰੀ ਕ੍ਰਿਸ਼ਨ ਬੇਦੀ ਨੇ ਕਿਹਾ ਹਰਿਆਣਾ ਏਕ ਹਰਿਆਣਵੀ ਏਕ ਦਾ ਨਾਅਰਾ ਦੇਣ ਵਾਲੀਆਂ ਪਹਿਲੀਆਂ ਸਰਕਾਰਾਂ ਨੇ ਆਪਣੇ ਕਾਰਜ ਕਾਲ ਵਿਚ ਸੂਬੇ ਦਾ ਆਪਸੀ ਭਾਈਚਾਰਾ ਵਿਗਾੜ ਦਿੱਤਾ ਸੀ । ਅੱਜ ਫਿਰ ਉਹੀ ਲੋਕ ਦੇਸ਼ ਦਾ ਮਾਹੌਲ ਵਿਗਾੜ ਰਹੇ ਹਨ। ਇਸ ਮੌਕੇ ਭਾਜਪਾ ਕਿਸਾਨ ਮੋਰਚੇ ਦੇ ਸੂਬਾ ਬੁਲਾਰੇ ਕਰਣ ਰਾਜ ਸਿੰਘ ਤੂਰ, ਮੁਲਖ ਰਾਜ ਗੁੰਬਰ, ਵਿਕਰਮ ਅਟਵਾਨ, ਸਰਬਜੀਤ ਸਿੰਘ ਕਲਸਾਣੀ ਮੌਜੂਦ ਸਨ। -ਪੱਤਰ ਪ੍ਰੇਰਕ