ਸਰਬਜੋਤ ਸਿੰਘ ਦੁੱਗਲ
ਕਰਨਾਲ, 3 ਮਾਰਚ
ਹਰਿਆਣਾ ਦੇ ਕਰਨਾਲ ਵਿੱਚ ਸ਼ੁੱਕਰਵਾਰ ਨੂੰ ਸਟੇਟ ਵਿਜੀਲੈਂਸ ਟੀਮ ਨੇ ਜ਼ਿਲ੍ਹਾ ਟਾਊਨ ਪਲਾਨਰ ਡੀਟੀਪੀ ਵਿਕਰਮ ਨੂੰ 5 ਲੱਖ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ। ਇਸ ਦੇ ਨਾਲ ਵਿਜੀਲੈਂਸ ਨੇ ਡੀਟੀਪੀ ਦੇ ਡਰਾਈਵਰ ਨੂੰ ਵੀ 5000 ਰੁਪਏ ਦੀ ਰਿਸ਼ਵਤ ਦੇ ਨਾਲ ਗ੍ਰਿਫ਼ਤਾਰ ਕੀਤਾ । ਜਾਣਕਾਰੀ ਅਨੁਸਾਰ ਸੈਕਟਰ-6 ਵਿੱਚ ਡੀਟੀਪੀ ਵਿਕਰਮ ਨੇ ਕਿਰਾਏ ’ਤੇ ਮਕਾਨ ਲਿਆ ਹੋਇਆ ਹੈ । ਉਸ ਦੇ ਕੋਲ ਸ਼ਹਿਰ ਵਿੱਚ ਹੁਡਾ ਅਤੇ ਨਗਰ ਨਿਗਮ ਦੇ ਗ਼ੈਰਕਾਨੂੰਨੀ ਉਸਾਰੀ ਤੇ ਨਿਗਰਾਨੀ ਦਾ ਜਿੰਮਾ ਹੈ। ਸ਼ੁੱਕਰਵਾਰ ਨੂੰ ਵਿਜੀਲੈਂਸ ਦੀ ਟੀਮ ਨੇ ਕਲੋਨੀ ਕੱਟਣ ਦੀ ਇਜਾਜ਼ਤ ਲੈਣ ਲਈ ਪੈਸੇ ਮੰਗਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਸੈਕਟਰ-6 ਵਿੱਚ ਡੀਟੀਪੀ ਦੇ ਮਕਾਨ ’ਤੇ ਛਾਪਾ ਮਾਰਿਆ। ਇਸ ਦੌਰਾਨ ਡੀਟੀਪੀ ਵਿਕਰਮ ਨੂੰ 5 ਲੱਖ ਰਿਸ਼ਵਤ ਲੈਂਦਿਆਂ ਫੜਿਆ ਗਿਆ ਅਤੇ ਨਾਲ ਹੀ ਉਸ ਦੇ ਡਰਾਇਵਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਡੀਟੀਪੀ ਖ਼ਿਲਾਫ਼ ਚਰਚਾ ਸੀ ਕਿ ਪਹਿਲਾਂ ਉਹ ਗ਼ੈਰਕਾਨੂੰਨੀ ਉਸਾਰੀ ਨੂੰ ਹਟਾਉਂਦਾ ਹੈ ਅਤੇ ਫਿਰ ਕਲੋਨੀ ਕੱਟਣ ਵਾਲਿਆਂ ਤੋਂ ਮੋਟੀ ਰਿਸ਼ਵਤ ਲੈਂਦਾ ਹੈ। ਉਸ ਬਾਰੇ ਕਾਫੀ ਚਰਚਾਵਾਂ ਦਾ ਬਾਜ਼ਾਰ ਸੀ। ਵਿਜੀਲੈਂਸ ਦੀ ਟੀਮ ਕਾਫ਼ੀ ਸਮੇਂ ਤੋਂ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ।
ਡਰਾਈਵਰ ਰਾਹੀਂ ਰਿਸ਼ਵਤ ਦੀ ਕੀਤੀ ਸੀ ਮੰਗ
ਕਰਨਾਲ : ਵਿਜੀਲੈਂਸ ਇੰਸਪੈਕਟਰ ਸਚਿਨ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਸੀ ਕਿ ਡੀਟੀਪੀ ਵਿਕਰਮ ਸਿੰਘ ਨੇ ਆਪਣੇ ਡਰਾਈਵਰ ਰਾਹੀਂ ਪੈਸਿਆਂ ਦੀ ਮੰਗ ਕੀਤੀ ਹੈ । ਉਹ ਉਨ੍ਹਾਂ ਨੂੰ ਪੈਸੇ ਦੇਣਾ ਨਹੀਂ ਚਾਹੁੰਦਾ ਸੀ। ਕਲੋਨੀ ਕੱਟਣ ਲਈ ਮਨਜ਼ੂਰੀ ਨਹੀਂ ਮਿਲ ਰਹੀ ਸੀ। ਇਸ ਦੇ ਲਈ ਡੀਟੀਪੀ ਵਾਰ-ਵਾਰ ਚੱਕਰ ਲਗਾ ਰਿਹਾ ਸੀ। ਬਾਅਦ ਵਿੱਚ ਡਰਾਈਵਰ ਰਾਹੀਂ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਸ਼ਿਕਾਇਤ ਮਿਲਣ ’ਤੇ ਡੀਟੀਪੀ ਵਿਕਰਮ ਸਿੰਘ ਕਰਨਾਲ ਨੂੰ 5 ਲੱਖ ਨਾਲ ਰੰਗੇ ਹੱਥੀਂ ਫੜਿਆ ਅਤੇ ਮੌਕੇ ’ਤੇ ਡਰਾਇਵਰ ਬਲਬੀਰ ਨੂੰ 5000 ਰੁਪਏ ਦੀ ਰਿਸ਼ਵਤ ਨਾਲ ਫੜਿਆ ਗਿਆ । ਵਿਜੀਲੈਂਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਚਾਰ ਹਜ਼ਾਰ ਦੀ ਰਿਸ਼ਵਤ ਲੈਂਦਾ ਸੁਪਰਡੈਂਟ ਗ੍ਰਿਫ਼ਤਾਰ
ਟੋਹਾਣਾ (ਪੱਤਰ ਪ੍ਰੇਰਕ): ਪਬਲਿਕ ਹੈਲਥ ਦੇ ਦਫ਼ਤਰ ਵਿੱਚ ਵਿਜੀਲੈਂਸ ਟੀਮ ਨੇ ਦਫ਼ਤਰ ਸੁਪਰਡੈਂਟ ਸ਼ਮਸ਼ੇਰ ਸਿੰਘ ਨੂੰ ਚਾਰ ਹਜ਼ਾਰ ਰੁਪਏ ਦੀ ਰਿਸਵਤ ਲੈਂਦੇ ਰੰਗੀ ਹੱਥੀਂ ਗ੍ਰਿਫ਼ਤਾਰ ਕਰ ਲਿਆ। ਠੇਕੇਦਾਰ ਨਵਨੀਤ ਨੇ ਪਾਣੀ ਟੈਂਕਾਂ ਦੀ ਮੁਰਮੰਤ ਬਦਲੇ ਚਾਰ ਲੱਖ ਦੇ ਬਿਲ ਦਫ਼ਤਰ ਵਿੱਚ ਦਿੱਤੇ ਸਨ। ਇਨ੍ਹਾਂ ਨੂੰ ਪਾਸ ਕਰਨ ਲਈ 8 ਹਜ਼ਾਰ ਰੁਪਏ ਰਿਸ਼ਵਤ ਮੰਗੀ ਜਾ ਰਹੀ ਸੀ। ਨਵਨੀਤ ਮੁਤਾਬਕ ਉਸਨੇ ਚਾਰ ਹਜ਼ਾਰ ਰੁਪਏ ਪਹਿਲਾਂ ਦੇ ਦਿੱਤੇ ਸਨ ਤੇ ਸੁਪਰਡੈਂਟ 4 ਹਜ਼ਾਰ ਦੀ ਹੋਰ ਮੰਗ ਕਰ ਰਿਹਾ ਸੀ। ਵਿਜੀਲੈਂਸ ਟੀਮ ਨੇ ਡੀਐੱਸਪੀ ਰਕੇਸ਼ ਕੁਮਾਰ, ਥਾਣੇਦਾਰ ਮਨਮੋਹਨ ਸਿੰਘ ਤੇ ਪੁਲੀਸ ਟੀਮ ਨੂੰ ਡਿਊਟੀ ਮੈਜਿਸਟਰੇਟ ਰਕੇਸ਼ ਸਿਹਾਗ ਨਾਲ ਭੇਜਿਆ। ਟੀਮ ਦੀ ਮੌਜੂਦਗੀ ਵਿੱਚ ਸੁਪਰਡੈਂਟ ਦੇ ਹੱਥ ਧੁਆਏ ਗਏ ਤਾਂ ਪਾਣੀ ਲਾਲ ਹੋ ਗਿਆ। ਸੁਪਰਡੈਂਟ ਸਮਸ਼ੇਰ ਸਿੰਘ ਦੇ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।