ਫਰੀਦਾਬਾਦ: ਇਥੇ ਜ਼ਿਲ੍ਹਾ ਪ੍ਰਸ਼ਾਸਨ ਤੇ ਫਰੀਦਾਬਾਦ ਪੁਲੀਸ ਨੇ ਨਸ਼ਾ ਤਸਕਰ ਆਸਮਾ ਖਾਤੂਨ ਖ਼ਿਲਾਫ਼ ਫਿਰ ਤੋਂ ਵੱਡੀ ਕਾਰਵਾਈ ਕੀਤੀ ਹੈ। ਅੱਜ ਤੋਂ 20 ਦਿਨ ਪਹਿਲਾਂ ਇਤਮਾਦਪੁਰ ਸਬਜ਼ੀ ਮੰਡੀ ਵਿੱਚ ਬਣੀ ਨਾਜਾਇਜ਼ ਦੁਕਾਨ ਨੂੰ ਢਾਹ ਦਿੱਤਾ ਗਿਆ। ਰਾਜੀਵ ਨਗਰ ’ਚ ਹਰਿਆਣਾ ਅਰਬਨ ਡਿਵੈਲਪਮੈਂਟ ਅਥਾਰਿਟੀ ਦੀ ਜ਼ਮੀਨ ’ਤੇ ਮੁਲਜ਼ਮ ਔਰਤ ਵੱਲੋਂ ਨਾਜਾਇਜ਼ ਤੌਰ ’ਤੇ ਬਣਾਏ ਗਏ ਦੋ ਮਕਾਨਾਂ ਨੂੰ ਢਾਹ ਦਿੱਤਾ ਗਿਆ। ਅਸਮਾ ਖਾਤੂਨ ਸੈਕਟਰ 31 ਦੇ ਰਾਜੀਵ ਨਗਰ ਵਿੱਚ ਗਾਂਜੇ ਦੀ ਤਸਕਰੀ ਕਰਦੀ ਸੀ ਤੇ ਹਰਿਆਣਾ ਅਰਬਨ ਡਿਵੈਲਪਮੈਂਟ ਅਥਾਰਟੀ ਦੀ ਜਗ੍ਹਾ ’ਤੇ ਨਾਜਾਇਜ਼ ਬਿਲਡਿੰਗ ਬਣੀ ਹੋਈ ਸੀ, ਜਿਸ ਦੇ ਦੋ ਮਕਾਨ ਨੰਬਰ 1103 ਅਤੇ 1105 ਸਨ। ਮਕਾਨ ਨੰਬਰ 1103 ਵਿੱਚ 1 ਦੁਕਾਨ ਤੇ ਪਿਛਲੇ ਪਾਸੇ 2 ਕਮਰੇ ਬਣਾਏ ਹੋਏ ਸਨ। ਔਰਤ ਅਤੇ ਉਸ ਦੀਆਂ ਦੋ ਬੇਟੀਆਂ ਅਫਸਾਨਾ ਅਤੇ ਸ਼ਬਾਨਾ ਘਰ ‘ਚ ਨਸ਼ੇ ਦਾ ਨਾਜਾਇਜ਼ ਕਾਰੋਬਾਰ ਕਰਦੇ ਸਨ। ਮਕਾਨ ਨੰਬਰ 1105 ਆਸਮਾ ਖਾਤੂਨ ਦੀ ਬੇਟੀ ਸ਼ਬਾਨਾ ਖਾਤੂਨ ਕੋਲ ਸੀ। ਮੁਲਜ਼ਮ ਔਰਤ ਤੇ ਉਸ ਦੇ ਪਰਿਵਾਰ ਖ਼ਿਲਾਫ਼ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਤਸਕਰੀ ਦੇ 11 ਕੇਸ ਦਰਜ ਹਨ, ਜਿਨ੍ਹਾਂ ਵਿੱਚ ਆਸਮਾ ਖਾਤੂਨ ਖ਼ਿਲਾਫ਼ 7 ਅਤੇ ਉਸ ਦੀਆਂ ਦੋ ਧੀਆਂ ਖ਼ਿਲਾਫ਼ 2-2 ਕੇਸ ਦਰਜ ਹਨ। ਅਸਮਾ ਖਾਤੂਨ ਨੂੰ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਨੇ 26 ਸਤੰਬਰ ਅਤੇ 3 ਅਕਤੂਬਰ ਨੂੰ ਖਾਲੀ ਹੋਣ ਦਾ ਨੋਟਿਸ ਦਿੱਤਾ ਸੀ। ਜਿਸ ਤੋਂ ਬਾਅਦ ਅੱਜ ਫਰੀਦਾਬਾਦ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਦੋਸ਼ੀ ਔਰਤ ਵੱਲੋਂ ਬਣਾਈਆਂ ਗਈਆਂ ਇਨ੍ਹਾਂ ਦੁਕਾਨਾਂ ਨੂੰ ਵੀ ਢਾਹ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ