ਪ੍ਰਭੂ ਦਿਆਲ
ਸਿਰਸਾ, 23 ਸਤੰਬਰ
ਸੀਆਈਏ ਥਾਣੇ ਦੀ ਇਕ ਟੀਮ ਵੱਲੋਂ ਨਸ਼ਾ ਤਸਕਰਾਂ ਨੂੰ ਫੜਨ ਦੌਰਾਨ ਤਸਕਰਾਂ ਨੇ ਇਕ ਸਬ-ਇੰਸਪੈਕਟਰ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜੋ ਵਾਲ-ਵਾਲ ਬਚ ਗਿਆ ਪਰ ਇਸ ਦੌਰਾਨ ਉਨ੍ਹਾਂ ਨੂੰ ਕਾਫ਼ੀ ਸੱਟਾਂ ਲੱਗ ਗਈਆਂ। ਜ਼ਖ਼ਮੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਗਰੋਂ ਪੁਲੀਸ ਮੁਲਾਜ਼ਮਾਂ ਨੇ ਨਸ਼ਾਂ ਤਸਕਰਾਂ ਨੂੰ ਕਾਬੂ ਕਰ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸੀਆਈਏ ਥਾਣੇ ਦੀ ਇਕ ਟੀਮ ਸਬ-ਇੰਸਪੈਕਟਰ ਸਤਬੀਰ ਸਿੰਘ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਟੀਮ ਨੇ ਸੜਕ ’ਤੇ ਨਾਕਾ ਲਾਇਆ ਅਤੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਆਈ ਇਕ ਕਾਰ ਨੂੰ ਜਦੋਂ ਰੁਕਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਰ ਡਰਾਈਵਰ ਨੇ ਨਾਕੇ ’ਤੇ ਖੜ੍ਹੇ ਸਬ-ਇੰਸਪੈਕਟਰ ਸਤਬੀਰ ਸਿੰਘ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਸਬ-ਇੰਸਪੈਕਟਰ ਕਾਰ ਤੋਂ ਤਾਂ ਬਚ ਗਿਆ ਪਰ ਇਸ ਦੌਰਾਨ ਉਨ੍ਹਾਂ ਦੇ ਕਾਫੀ ਸੱਟਾਂ ਲੱਗੀਆਂ। ਉੱਥੇ ਤਾਇਨਾਤ ਹੋਰ ਮੁਲਾਜ਼ਮਾਂ ਨੇ ਕਾਰ ਦਾ ਪਿੱਛਾ ਕਰ ਕੇ ਕੁਝ ਦੂਰੀ ’ਤੇ ਕਾਰ ਨੂੰ ਕਾਬੂ ਕਰ ਲਿਆ।
ਜਦੋਂ ਪੁਲਪਸ ਨੇ ਕਾਰ ਦੀ ਤਲਾਸ਼ੀ ਲਈ ਤਾਂ ਕਾਰ ’ਚ ਸਵਾਰ ਵਿਅਕਤੀਆਂ ਕੋਲੋਂ 60 ਕਿੱਲੋ ਡੋਡੇ ਤੇ 70 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਹੋਈ ਹੈ। ਮੁਲਜ਼ਮਾਂ ਦੀ ਪਛਾਣ ਹਰੀ ਸਿੰਘ ਤੇ ਵਿਜੈ ਵਾਸੀ ਸਾਹਾ ਜ਼ਿਲ੍ਹਾ ਚੂਰੂ ਰਾਜਸਥਾਨ ਵਜੋਂ ਹੋਈ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।