ਪੱਤਰ ਪ੍ਰੇਰਕ
ਪੰਚਕੂਲਾ, 20 ਅਕਤੂਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਵਾਰ ਦੀ ਦੀਵਾਲੀ ਗਰੀਨ ਪਟਾਕਿਆਂ ਵਾਲੀ ਹੋਵੇਗੀ ਤੇ ਆਮ ਪਟਾਕਿਆਂ ਦੀ ਵਿਕਰੀ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਦੇ ਨਿਰਦੇਸ਼ ’ਤੇ ਹਰੇਕ ਜਿਲ੍ਹੇ ਵਿਚ ਗਰੀਨ ਪਟਾਕਿਆਂ ਲਈ ਸਥਾਨ ਨਿਰਧਾਰਿਤ ਕਰ ਦਿੱਤੇ ਗਏ ਹਨ। ਇਨ੍ਹਾਂ ਥਾਵਾਂ ’ਤੇ ਗਰੀਨ ਪਟਾਕਿਆਂ ਦੀ ਵਿਕਰੀ ਹੋਵੇਗੀ। ਬਿਨਾ ਲਾਇਸੈਂਸ ਦੇ ਪਟਾਕੇ ਵੇਚਣ ਵਾਲਿਆਂ ’ਤੇ ਕਾਰਵਾਈ ਕੀਤੀ ਜਾਵੇਗੀ। ਹਰੇਕ ਜ਼ਿਲ੍ਹੇ ਵਿਚ ਖੁੱਲ੍ਹੇ ਸਥਾਨ ਪਟਾਕਾ ਵਿਕਰੀ ਲਈ ਨਿਰਧਾਰਤ ਕੀਤੇ ਗਏ ਹਨ।
‘ਹਵਾ ਪ੍ਰਦੂਸ਼ਣ ਕੰਟਰੋਲ ਲਈ ਸਰਕਾਰ ਗੰਭੀਰ’
ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਫ਼ਸਲ ਅਵਸ਼ੇਸ਼ ਪ੍ਰਬੰਧਨ ਤੇ ਹਵਾ ਪ੍ਰਦੂਸ਼ਣ ਕੰਟਰੋਲ ਲਈ ਹਰਿਆਣਾ ਸਰਕਾਰ ਬੇਹੱਦ ਗੰਭੀਰ ਹੈ। ਫਸਲ ਅਵਸ਼ੇਸ਼ ਪ੍ਰਬੰਧਨ ’ਤੇ ਰਾਜ ਸਰਕਾਰ ਰਣਨੀਤੀ ਦੇ ਨਾਲ ਕੰਮ ਕਰ ਰਹੀ ਹੈ, ਜਿਸ ਵਿਚ ਇਨ-ਸੀਟੂ ਫਸਲ ਅਵਸ਼ੇਸ਼ ਪ੍ਰਬੰਧਨ, ਐਕਸ-ਸੀਟੂ ਪ੍ਰਬੰਧਨ, ਪ੍ਰਭਾਵੀ ਨਿਗਰਾਨੀ, ਬਦਲਾਅ, ਆਈਈਸੀ ਗਤੀਵਿਧੀਆਂ ਸ਼ਾਮਲ ਹਨ। ਪਰਾਲੀ ਨਾ ਸਾੜਨ ਬਾਰੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ।