ਪੱਤਰ ਪ੍ਰੇਰਕ
ਰਤੀਆ, 24 ਜੁਲਾਈ
ਸ਼ਹਿਰ ਅੰਦਰ ਲਾਵਾਰਿਸ ਪਸ਼ੂਆਂ ਦੀ ਤਾਦਾਦ ਵਧਣ ਤੋਂ ਲੋਕ ਕਾਫੀ ਪ੍ਰੇਸ਼ਾਨ ਹਨ। ਇਨ੍ਹਾਂ ਪਸ਼ੂਆਂ ਦੀ ਸਾਂਭ- ਸੰਭਾਲ ਲਈ ਗਊਸ਼ਾਲਾ ਨਾ ਹੋਣ ਕਾਰਨ ਉਹ ਸ਼ਹਿਰ ਅੰਦਰ ਘੁੰਮਦੇ ਵਿਖਾਈ ਦਿੰਦੇ ਹਨ। ਸ਼ਹਿਰ ਦੀਆਂ ਕਲੋਨੀਆਂ ‘ਚ ਲੋਕਾਂ ਦੇ ਘਰਾਂ ਅੰਦਰ ਦਾਖ਼ਲ ਹੋ ਜਾਂਦੇ ਹਨ। ਸ਼ਹਿਰ ਵਾਸੀ ਯੋਗੇਸ਼ ਕੁਮਾਰ, ਵਿਨੈ ਕੁਮਾਰ, ਮੋਹਿਤ, ਸ਼ੇਖਰ, ਜਗਤਾਰ ਅਤੇ ਮਨਪ੍ਰੀਤ ਨੇ ਦੱਸਿਆ ਕਿ ਹਰਾ-ਚਾਰਾ ਨਾ ਮਿਲਣ ਕਾਰਨ ਇਹ ਪਸ਼ੂ ਭੁੱਖੇ -ਪਿਆਸੇ ਸੜਕਾਂ ਅਤੇ ਗਲੀਆਂ ਵਿੱਚ ਭਟਕਦੇ ਰਹਿੰਦੇ ਹਨ। ਇਹ ਸਮੱਸਿਆ ਸ਼ਹਿਰਾਂ ਦੇ ਨਾਲ ਪਿੰਡਾਂ ਵਿੱਚ ਵੀ ਹੈ। ਕਈ ਪਸ਼ੂਆਂ ਦੇ ਕੂੜੇ ਦੇ ਢੇਰ ’ਚੋਂ ਪੋਲੀਥੀਨ ਨਿਗਲ ਲੈਣ ਕਾਰਨ ਜਾਨ ਚਲੀ ਜਾਂਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਅੰਦਰ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾਵੇ।