ਪੱਤਰ ਪ੍ਰੇਰਕ
ਫਰੀਦਾਬਾਦ, 4 ਸਤੰਬਰ
ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਇੱਥੇ ਐੱਚਐੱਸਵੀਪੀ ਕਨਵੈਨਸ਼ਨ ਸੈਂਟਰ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਸ਼ਿਕਾਇਤਾਂ ਸੁਣੀਆਂ। ਇਸ ਮੀਟਿੰਗ ਵਿੱਚ 16 ਸ਼ਿਕਾਇਤਾਂ ਰੱਖੀਆਂ ਗਈਆਂ ਸਨ, ਜਿਨ੍ਹਾਂ ’ਚੋਂ 13 ਦਾ ਮੌਕੇ ’ਤੇ ਹੀ ਨਬਿੇੜਾ ਕੀਤਾ ਗਿਆ। ਇਸ ਦੌਰਾਨ ਇੱਕ ਸ਼ਿਕਾਇਤ ਦੀ ਸੁਣਵਾਈ ਕਰਦਿਆਂ ਉਪ ਮੁੱਖ ਮੰਤਰੀ ਨੇ ਬੀਪੀਟੀਪੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਲਾਟ ਹੋਲਡਰ ਏਕਤਾ ਸਿੰਘ ਨੂੰ 15 ਦਿਨਾਂ ਵਿੱਚ 280 ਵਰਗ ਗਜ ਦਾ ਇੱਕ ਹੋਰ ਪਲਾਟ ਮੁਹੱਈਆ ਕਰਵਾਇਆ ਜਾਵੇ ਨਹੀਂ ਤਾਂ ਬੀਪੀਟੀਪੀ ਦੇ ਸਾਰੇ ਡਾਇਰੈਕਟਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇੱਕ ਹੋਰ ਮਾਮਲੇ ਵਿੱਚ ਇੱਕ ਪੁਰਾਣੀ ਸ਼ਿਕਾਇਤ ’ਤੇ ਫ਼ੈਸਲਾ ਸੁਣਾਉਂਦਿਆਂ ਉਨ੍ਹਾਂ ਨੇ ਸਹਾਇਕ ਡਿਵੀਜ਼ਨਲ ਫਾਇਰ ਅਫ਼ਸਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਜਿਨ੍ਹਾਂ ਵਿਭਾਗਾਂ ਨੇ ਆਦੇਸ਼ਾਂ ਲਈ ਅਰਜ਼ੀ ਨਹੀਂ ਦਿੱਤੀ, ਉਨ੍ਹਾਂ ਵਿਰੁੱਧ ਅਗਲੇ 15 ਦਿਨਾਂ ਵਿੱਚ ਨੋਟਿਸ ਜਾਰੀ ਕੀਤੇ ਜਾਣ। ਸ਼ਿਕਾਇਤ ਨੰਬਰ 12 ’ਤੇ ਗਰੀਨ ਫੀਲਡ ਕਲੋਨੀ ਲਈ ਵਿਧਾਇਕ ਸੀਮਾ ਤ੍ਰਿਖਾ ਦੀ ਪ੍ਰਧਾਨਗੀ ਹੇਠ ਕਮੇਟੀ ਦਾ ਗਠਨ ਕੀਤਾ ਗਿਆ। ਮੁਜੇਸਰ ਵਿੱਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਏਡੀਸੀ ਦੀ ਪ੍ਰਧਾਨਗੀ ਵਿੱਚ ਐੱਮਸੀਐੱਫ ਦਫ਼ਤਰ ਅਤੇ ਐੱਚਐੱਸਵੀਪੀ ਦੇ ਤਿੰਨ ਮੈਂਬਰੀ ਅਧਿਕਾਰੀਆਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸੇ ਤਰ੍ਹਾਂ ਲੋਕਾਂ ਦੀ ਸਹੂਲਤ ਲਈ ਐਮ.ਸੀ.ਐਫ ਦੇ ਖੇਤਰ ਵਿੱਚ ਬਣੀਆਂ ਕਮਿਊਨਿਟੀ ਬਿਲਡਿੰਗਾਂ ਨੂੰ ਆਰ.ਡਬਲਿਊ. ਨੂੰ ਸੌਂਪਣ ਦੇ ਸਬੰਧ ਵਿੱਚ ਵਿਧਾਇਕ ਸੀਮਾ ਤ੍ਰਿਖਾ, ਵਿਧਾਇਕ ਨਰਿੰਦਰ ਗੁਪਤਾ, ਵਿਧਾਇਕ ਨੀਰਜ ਸ਼ਰਮਾ, ਜੇ.ਜੇ.ਪੀ ਅਤੇ ਭਾਜਪਾ ਦੇ ਦੋਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਕਮੇਟੀ ਐਮਸੀਐਫ ਕਮਿਸ਼ਨਰ ਯੋਜਨਾ ਬਣਾ ਕੇ ਰਿਪੋਰਟ ਪੇਸ਼ ਕਰੇਗੀ।