ਜਗਤਾਰ ਸਮਾਲਸਰ
ਏਲਨਾਬਾਦ, 22 ਅਗਸਤ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅੱਜ ਢਾਣੀ ਚੇਲੇਕਿਆਂ ਵਾਲੀ ਦੇ ਪਿੰਡ ਸੰਤ ਨਗਰ ਵਿੱਚ ਘਰੇਲੂ ਝਗੜੇ ਕਾਰਨ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਾਇਜ਼ਾ ਲੈਣ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਹਰਿਆਣਾ ਕਮੇਟੀ ਮੈਂਬਰ ਜਸਵੀਰ ਸਿੰਘ, ਜੀਤ ਸਿੰਘ ਖ਼ਾਲਸਾ ਏਲਨਾਬਾਦ, ਸ਼ਹੀਦ ਹਰਿਮੰਦਰ ਸਿੰਘ ਡੱਬਵਾਲੀ ਦੇ ਪਿਤਾ ਬਾਪੂ ਮਹਿੰਦਰ ਸਿੰਘ ਤੇ ਹੋਰ ਧਾਰਮਿਕ ਆਗੂ ਮੌਜੂਦ ਸਨ। ਇਸ ਦੌਰਾਨ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਇਸ ਨੇ ਸਭ ਦੇ ਹਿਰਦੇ ਵਲੂੰਧਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਸਿੱਖ ਸੰਗਤ ਦੇ ਸਹਿਯੋਗ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਕਾਨੂੰਨੀ ਲੜਾਈ ਲੜੇਗੀ। ਜਿਸ ਸਥਾਨ ’ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ, ਉਹ ਸਥਾਨ ਸ਼ਰਤਾਂ ਪੂਰੀਆਂ ਨਹੀਂ ਕਰਦਾ। ਇਸ ਲਈ ਇਹ ਲੋਕ ਸਖ਼ਤ ਸਜ਼ਾ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਜਸਬੀਰ ਸਿੰਘ, ਸਿਮਰਜੀਤ ਕੌਰ, ਜਸਵੰਤ ਸਿੰਘ ਅਤੇ ਕੁਲਵੰਤ ਸਿੰਘ ਨੂੰ ਕਾਨੂੰਨੀ ਸਜ਼ਾਵਾਂ ਦਿਵਾਉਣ ਲਈ ਕਮੇਟੀ ਵੱਲੋਂ ਵਕੀਲ ਬਲਰਾਜ ਸਿੰਘ ਖੋਸਾ ਅਤੇ ਘੁੱਕਰ ਸਿੰਘ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਇਨ੍ਹਾਂ ਨੇ ਅੱਜ 3 ਮੁਲਜ਼ਮਾਂ ਦੀ ਜ਼ਮਾਨਤ ਰੱਦ ਕਰਵਾ ਦਿੱਤੀ ਹੈ ਜਦਕਿ ਤਿੰਨਾਂ ਨੂੰ ਅੱਜ ਅਦਾਲਤ ਨੇ 25 ਅਗਸਤ ਤੱਕ ਰਿਮਾਂਡ ’ਤੇ ਭੇਜ ਦਿੱਤਾ ਹੈ। ਚੌਥੀ ਮੁਲਜ਼ਮ ਦੀ ਵੀ ਜ਼ਮਾਨਤ ਰੱਦ ਕਰਵਾਉਣ ਲਈ ਸੈਸ਼ਨ ਕੋਰਟ ਵਿੱਚ ਮੰਗਲਵਾਰ ਨੂੰ ਪਹੁੰਚ ਕੀਤੀ ਜਾਵੇਗੀ।