ਗੁਰਦੀਪ ਸਿੰਘ ਭੱਟੀ
ਟੋਹਾਣਾ, 30 ਜੁਲਾਈ
ਹਰਿਆਣਾ ਦੇ ਬਰਖ਼ਾਸਤ ਕੀਤੇ ਗਏ ਪੀਟੀਆਈ ਅਧਿਆਪਕਾਂ ਨੇ ਅੱਜ ਭੂਨਾ ਦੇ ਬਾਜ਼ਾਰਾਂ ਵਿੱਚ ਰੋਸ ਵਿਖਾਵਾ ਕੀਤਾ। ਬਰਖ਼ਾਸਤ ਕਰਮਚਾਰੀਆਂ ਦੀ ਸੰਘਰਸ਼ ਕਮੇਟੀ ਦੇ ਪ੍ਰਧਾਨ ਰਾਜਵੰਤ ਸਿੰਘ ਨੇ ਭੂਨਾ ਦੇ ਭਗਤ ਸਿੰਘ ਚੌਕ ਵਿੱਚ ਉਨ੍ਹਾਂ ਦੇ ਸਮਰਥਨ ਵਿੱਚ ਆਈਆਂ ਜੱਥੇਬੰਦੀਆਂ ਤੇ ਲੋਕਾਂ ਸਾਹਮਣੇ ਝੋਲੀ ਅੱਡ ਕੇ ਫਰਿਆਦੀ ਬਣ ਕੇ ਕਿਹਾ ਕਿ ਸਾਨੂੰ ਰੋਜ਼ੀ- ਰੋਟੀ ਤੁਸੀਂ ਦਿਵਾ ਸਕਦੇ ਹੋ। ਇਸ ਮੌਕੇ ਵਿਖਾਵਾਕਾਰੀ ਅਧਿਆਪਕ ਬੱਚਿਆਂ ਸਮੇਤ ਪੁੱਜੇ ਹੋਏ ਸਨ। ਉਨ੍ਹਾਂ ਭੂਨਾ ਦੇ ਬਾਜ਼ਾਰਾਂ ਵਿੱਚ ਰੋਸ ਵਿਖ਼ਾਵਾ ਕੀਤਾ ਤੇ ਊਧਮ ਸਿੰਘ ਚੌਕ ਵਿੱਚ ਮੁੱਖ ਮੰਤਰੀ ਦਾ ਪੁਤਲਾ ਸਾੜਿਆ। ਭਰਵੀਂ ਹਾਜ਼ਰੀ ਵਿੱਚ ਔਰਤਾਂ ਬੱਚਿਆਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਔਰਤਾਂ ਨੇ ਥਾਲੀਆਂ ਖੜਕਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਵਿਖਾਵਾਕਰੀ ਟੋਹਾਣਾ ਰੋਡ, ਅਨਾਜ ਮੰਡੀ, ਉਕਲਾਨਾ ਰੋਡ, ਨਵਾਂ ਬਾਜ਼ਾਰ ਹੁੰਦੇ ਹੋਏ ਸ਼ਹੀਦ ਭਗਤ ਸਿੰਘ ਚੌਕ ਪੁੱਜੇ। ਇਸ ਮੌਕੇ ਰਾਜਵੰਤ ਸਿੰਘ ਨੇ ਕਿਹਾ ਕਿ 2010 ਦੀ ਭਰਤੀ ਦੇ ਪ੍ਰਮਾਣ ਪੱਤਰਾਂ ਤੇ ਕੋਈ ਤੁਰੱਟੀ ਨਹੀਂ। 14 ਸਾਲ ਪਹਿਲਾਂ ਭਰਤੀ ਤੋਂ ਬਾਅਦ ਬਹੁਤੇ ਉਮੀਦਵਾਰ 45-50 ਸਾਲ ਦੀ ਉਮਰ ਪਾਰ ਕਰ ਚੁੱਕੇ ਹਨ। 40 ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ। 1983 ਪੀਟੀਆਈ ਦੀ ਭਰਤੀ ਵਿੱਚੋਂ 400 ਨੂੰ ਤਰੱਕੀ ਦੇ ਕੇ ਡੀਪੀ ਬਣਾਇਆ ਜਾ ਚੁੱਕਿਆ ਹੈ। ਵਿਖਾਵਾਕਾਰੀਆਂ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਦਲਿਤ ਅਧਿਆਪਕ ਫੈਡਰੇਸ਼ਨ ਦੇ ਉਪ-ਪ੍ਰਧਾਨ ਸੁਖਦੇਵ ਸਿੰਘ ਭੁੱਕਲ, ਕਾ. ਰਾਮਸਵਰੂਪ ਢਾਣੀ ਗੋਪਾਲ, ਸਰਵ ਕਰਮਚਾਰੀ ਸੰਘ ਦੇ ਬਲਾਕ ਪ੍ਰਧਾਨ ਮਾ. ਰਾਜਕੁਮਾਰ, ਸਰਵ ਕਰਮਚਾਰੀ ਸੰਘ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਕੁਮਾਰ ਨੈਨ, ਸਤਵੀਰ ਸਿੰਘ, ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਚਾਂਦੀਰਾਮ ਕੜਵਾਸਰਾ, ਰਾਜਿੰਦਰ ਸਿੰਘ ਭੱਠੂ, ਸਤਿਆਵਾਨ ਵਰਮਾ ਹਾਜ਼ਰ ਸਨ।