ਕੇਕੇ ਬਾਂਸਲ
ਰਤੀਆ, 10 ਦਸੰਬਰ
ਅੰਗਹੀਣ ਅਧਿਕਾਰ ਮੰਚ ਹਰਿਆਣਾ ਦੇ ਬਲਾਕ ਰਤੀਆ ਨੇ ਅੱਜ ਅਨਾਜ ਮੰਡੀ ਰਤੀਆ ਵਿੱਚ ਵਿਸ਼ਵ ਅੰਗਹੀਣ ਦਿਵਸ ਮੌਕੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆ ਖੂਬ ਪਿੱਟ ਸਿਆਪਾ ਕੀਤਾ। ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਫਤਿਆਬਾਦ ਸਮੂਹ ਅੰਗਹੀਣਾਂ ਨੇ ਆਪਣੀਆਂ ਮੰਗਾਂ ਨਾ ਮੰਨੇ ਜਾਣ ਤੇ ਇਕ ਮਹੀਨਾ ਪਹਿਲਾਂ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਮੌਕੇ ਜਥੇਬੰਦੀ ਦੇ ਵਫਦ ਨੂੰ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਗੱਲਬਾਤ ਕਰਕੇ ਵਿਸਵਾਸ਼ ਦਿੱਤਾ ਸੀ ਕਿ ਹਫਤੇ ਅੰਦਰ ਲੌਕਡਾਊਨ ਦੌਰਾਨ ਅੰਗਹੀਣਾਂ ਨੂੰ 3 ਮਹੀਨੇ ਤੱਕ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਵਾਧੂ ਪੈਨਸ਼ਨ ਦਿੱਤੀ ਜਾਵੇਗੀ ਪਰ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਵਿਕਲਾਂਗ ਐਕਟ-2016 ਤੁਰੰਤ ਲਾਗੂ ਕੀਤਾ ਜਾਵੇ, 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ, ਬੀਪੀਐੱਲ ਕਾਡਰ ਬਣਾਏ ਜਾਣ ਅਤੇ ਅੰਗਹੀਣ ਵਰਗ ਨੂੰ ਕੋਟੇ ਦੀਆਂ ਨੌਕਰੀਆਂ ਦਿੱਤੀਆਂ ਜਾਣ ਅਤੇ ਬਿਜਲੀ ਦੇ ਬਿਲ ਮੁਆਫ ਕੀਤੇ ਜਾਣ ਆਦਿ ਮੰਗ ਰੱਖੀਆਂ ਗਈਆਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।