ਪੱਤਰ ਪ੍ਰੇਰਕ
ਰਤੀਆ, 10 ਜੁਲਾਈ
ਇਲਾਕੇ ਦੇ ਪਿੰਡ ਖਾਈ ਵਿੱਚ ਨਿਕਾਸੀ ਪਾਈਪਲਾਈਨ ਬੰਦ ਹੋਣ ਨਾਲ ਕਈ ਦਿਨਾਂ ਤੋਂ ਗੰਦਾ ਪਾਣੀ ਪਿੰਡ ਦੀ ਫਿਰਨੀ ’ਤੇ ਫੈਲਿਆ ਹੋਇਆ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਹੈ। ਅਮਰਜੀਤ, ਹੀਰਾ ਰਾਮ, ਸਤਨਾਮ, ਨਰੋਤਮ ਸਿੰਘ ਸਮੇਤ ਅਨੇਕਾਂ ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਪਾਈ ਪਾਈਪ ਲਾਈਨ ਪਿਛਲੇ ਕਰੀਬ ਇਕ ਮਹੀਨੇ ਤੋਂ ਗੰਦਗੀ ਆਦਿ ਫਸਣ ਕਾਰਨ ਬੰਦ ਹੋ ਚੁੱਕੀ ਹੈ। ਜਿਸ ਨਾਲ ਪਾਣੀ ਓਵਰਫਲੋਅ ਹੋ ਕੇ ਪਿੰਡ ਦੀ ਫਿਰਨੀ ’ਤੇ ਫੈਲਿਆ ਹੋਇਆ ਹੈ। ਫਿਰਨੀ ’ਤੇ ਪਾਣੀ ਫੈਲਣ ਨਾਲ ਜਿੱਥੇ ਲੋਕਾਂ ਨੂੰ ਫਿਰਨੀ ਤੋਂ ਲੰਘਣ ਵਿੱਚ ਮੁਸ਼ਕਿਲ ਆ ਰਹੀ ਹੈ, ਉਥੇ ਗੰਦੇ ਪਾਣੀ ਦੀ ਬਦਬੂ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਫਿਰਨੀ ਤੇ ਨਿਰੰਤਰ ਪਾਣੀ ਜਮ੍ਹਾਂ ਰਹਿਣ ਕਾਰਨ ਫਿਰਨੀ ਨਾਲ ਬਣੇ ਹੋਏ ਮਕਾਨਾਂ ਵਿੱਚ ਸਲ੍ਹਾਬ ਆਉਣ ਨਾਲ ਮਕਾਨਾਂ ਦੀਆਂ ਕੰਧਾਂ ਵਿੱਚ ਦਰਾੜਾਂ ਆਉਣ ਦਾ ਡਰ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਸਮੱਸਿਆ ਦੇ ਹੱਲ ਲਈ ਕਈ ਵਾਰ ਮੰਗ ਕੀਤੀ ਜਾ ਚੁੱਕੀ ਹੈ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ।