ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਫਰਵਰੀ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਜਟ ਵਿਚ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਕਦਮ ਉਠਾਏ ਹਨ। ਸਰਕਾਰ ਨੇ ਕਣਕ ਅਤੇ ਝੋਨੇ ਦੀ ਖਰੀਦ ਲਈ ਸਾਲ 2021-22 ਵਿੱਚ 1.63 ਕਰੋੜ ਕਿਸਾਨਾਂ ਕੋਲੋਂ 1208 ਲੱਖ ਟਨ ਕਣਕ ਅਤੇ ਝੋਨੇ ਦੀ ਖਰੀਦ ਕੀਤੀ ਹੈ ਅਤੇ ਇਸ ਲਈ ਘੱਟੋ-ਘੱਟ ਸਮਰਥਨ ਮੁੱਲ ਵਜੋਂ 2.37 ਲੱਖ ਕਰੋੜ ਰੁਪਏ ਦਾ ਭੁਗਤਾਨ ਸਿੱਧੇ ਖਾਤਿਆਂ ਵਿੱਚ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਤਕਨਾਲੋਜੀ ਦੀ ਵਰਤੋਂ ਨੂੰ ਤਰਜੀਹ ਦਿੰਦੇ ਹੋਏ ਜ਼ਮੀਨ ਦਾ ਰਿਕਾਰਡ ਡਿਜੀਟਲਾਈਜ਼ ਕਰਵਾਉਣ ਅਤੇ ਕੀਟਨਾਸ਼ਕਾਂ ਤੇ ਪੌਸ਼ਕ ਤੱਤਾਂ ਦਾ ਛਿੜਕਾਅ ਕਰਨ ਲਈ ਡਰੋਨ ਦੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਸੂਬੇ ’ਚ ਡਰੋਨ ਅਥਾਰਿਟੀ ਦਾ ਗਠਨ ਕਰ ਦਿੱਤਾ ਹੈ। ਸ੍ਰੀ ਖੱਟਰ ਨੇ ਦੱਸਿਆ ਕਿ ਫਲਾਂ ਤੇ ਸਬਜ਼ੀਆਂ ਦੀਆਂ ਵਧੀਆ ਕਿਸਮਾਂ ਨੂੰ ਅਪਨਾਉਣ, ਪੈਦਾਵਾਰ ਤੇ ਕਟਾਈ ਦੀ ਤਕਨੀਕ ਦੀ ਵਰਤੋਂ ਕਰਨ ਵਿਚ ਕਿਸਾਨਾਂ ਦੀ ਮਦਦ ਵਾਸਤੇ ਕੇਂਦਰ ਸਰਕਾਰ ਵਧੀਆ ਪੈਕੇਜ ਜਾਰੀ ਕਰੇਗਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਕੋਰਸਾਂ ’ਚ ਸੋਧ ਕਰਨ ਲਈ ਕਿਹਾ ਜਾਵੇਗਾ ਤਾਂ ਜੋ ਕੁਦਰਤੀ, ਜ਼ੀਰੋ-ਬਜਟ ਅਤੇ ਜੈਵਿਕ ਖੇਤੀ, ਆਧੁਨਿਕ ਖੇਤੀ, ਕੀਮਤ ਵਿਚ ਸੁਧਾਰ ਅਤੇ ਕਿਸਾਨਾਂ ਦੀਆਂ ਹੋਰਨਾਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ।