ਪੱਤਰ ਪ੍ਰੇਰਕ
ਜੀਂਦ, 15 ਅਪਰੈਲ
ਖੇਤਰ ਦੇ ਲੋਕਾਂ ਦੀ ਅੱਜ ਚਿਰੋਕਣੀ ਮੰਗ ਪੂਰੀ ਹੋ ਗਈ। ਲੋਕ ਜੀਂਦ ਤੋਂ ਡੱਬਵਾਲੀ ਜਾਣ ਲਈ ਸਿੱਧੀ ਬੱਸ ਸੇਵਾ ਦੀ ਮੰਗ ਕਾਫੀ ਚਿਰ ਤੋਂ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਜੀਂਦ ਤੋਂ ਡੱਬਵਾਲੀ ਜਾਣ ਲਈ ਪਹਿਲਾਂ ਸਿੱਧੀ ਬੱਸ ਸੇਵਾ ਨਹੀਂ ਸੀ, ਯਾਤਰੀਆਂ ਨੂੰ ਡੱਬਵਾਲੀ ਪਹੁੰਚਣ ਲਈ ਦੋ ਵਾਰ ਬੱਸ ਬਦਲਣੀ ਪੈਂਦੀ ਸੀ, ਪਰ ਹੁਣ ਪਹਿਲੀ ਵਾਰ ਰੋਡਵੇਜ਼ ਵਿਭਾਗ ਨੇ ਜੀਂਦ ਤੋਂ ਡੱਬਵਾਲੀ ਸਿੱਧੀ ਬੱਸ ਸੇਵਾ ਮੁਹੱਈਆ ਕਰਕੇ ਯਾਤਰੀਆਂ ਨੂੰ ਵਿਸ਼ੇਸ ਰਾਹਤ ਪ੍ਰਦਾਨ ਕੀਤੀ ਹੈ। ਇਹ ਜਾਣਕਾਰੀ ਦਿੰਦੇ ਹੋਏ ਜੀਂਦ ਡਿੱਪੂ ਦੇ ਜੀਐੱਮ ਗੁਲਾਬ ਸਿੰਘ ਨੇ ਦੱਸਿਆ ਕਿ ਡੱਬਵਾਲੀ ਪਹੁੰਚਣ ਲਈ ਪਹਿਲਾਂ ਯਾਤਰੀਆਂ ਨੂੰ ਹਿਸਾਰ ਅਤੇ ਸਿਰਸਾ ਦੋ ਥਾਵਾਂ ਉੱਤੇ ਬੱਸਾਂ ਬਦਲਣੀਆਂ ਪੈਂਦੀਆਂ ਸਨ, ਪਰ ਹੁਣ ਜੀਂਦ ਰੋਡਵੇਜ਼ ਡਿੱਪੂ ਨੇ ਜੀਂਦ ਤੋਂ ਡੱਬਵਾਲੀ ਸਿੱਧੀ ਬੱਸ ਚਲਾਉਣ ਦਾ ਫੈਸਲਾ ਲੈ ਕੇ ਅੱਜ ਸਵੇਰ ਤੋਂ ਜੀਂਦ ਤੋਂ ਸਿੱਧੀ ਡਬਵਾਲੀ ਬੱਸ ਚਲਾ ਕੇ ਯਾਤਰੀਆਂ ਦੀ ਪ੍ਰੇਸ਼ਾਨੀ ਨੂੰ ਖਤਮ ਕਰ ਦਿੱਤਾ ਹੈ। ਇਸ ਨੂੰ ਲੈ ਕੇ ਇਹ ਬੱਸ ਸਵੇਰੇ 6 ਵਜੇ ਨਵੇਂ ਬੱਸ ਅੱਡੇ ਤੋਂ ਰੋਜ਼ਾਨਾ ਚੱਲੇਗੀ। ਉਨ੍ਹਾਂ ਦੱਸਿਆ ਕਿ ਜੀਂਦ ਤੋਂ ਸਿੱਧੀ ਡੱਬਵਾਲੀ ਬੱਸ ਚਲਾਉਣ ਨਾਲ ਜਿੱਥੇ ਯਾਤਰੀਆਂ ਨੂੰ ਲਾਭ ਹੋਵੇਗਾ, ਉੱਥੇ ਜੀਂਦ ਡਿੱਪੂ ਨੂੰ ਵੀ ਚੰਗੀ ਆਮਦਨੀ ਹੋਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਬੱਸ ਜੀਂਦ ਦੇ ਨਵੇਂ ਬੱਸ ਅੱਡੇ ਤੋਂ ਸੁਵੇਰੇ 6 ਵਜੇ ਚੱਲ ਕੇ ਡੱਬਵਾਲੀ ਬੱਸ ਸਟੈਂਡ ਉੱਤੇ ਲਗਪਗ 11 ਵਜੇ ਪਹੁੰਚੇਗੀ ਤੇ ਫਿਰ 11 ਵੱਜ ਕੇ 45 ਮਿੰਟ ’ਤੇ ਇਹੀ ਬੱਸ ਜੀਂਦ ਆਉਣ ਲਈ ਚੱਲੇਗੀ ਅਤੇ ਸ਼ਾਮੀਂ 5 ਵਜੇ ਤੱਕ ਜੀਂਦ ਪਹੁੰਚ ਜਾਵੇਗੀ। ਅੱਜ ਸਵਾਰੀਆਂ ਨੇ ਇਸ ਰੂਟ ’ਤੇ ਬੱਸ ਚੱਲਣ ਕਾਰਨ ਖੁਸ਼ੀ ਮਨਾਈ।