ਰਤਨ ਸਿੰਘ ਢਿੱਲੋਂ
ਅੰਬਾਲਾ, 19 ਅਕਤੂਬਰ
ਪਤੀ ਦੀ ਮੌਤ ਤੋਂ ਬਾਅਦ ਤਿੰਨ ਬੱਚਿਆਂ ਨਾਲ ਗਾਜ਼ੀਆਬਾਦ ਤੋਂ ਅੰਬਾਲਾ ਛਾਉਣੀ ਦੇ ਪੱਕੀ ਸਰਾਏ ਵਿੱਚ ਆਪਣੇ ਪੇਕਿਆਂ ਦੇ ਘਰ ਨੇੜੇ ਕਿਰਾਏ ’ਤੇ ਕਮਰਾ ਲੈ ਕੇ ਰਹਿਣ ਲੱਗੀ ਰਚਨਾ ਨਾਂ ਦੀ ਇੱਕ ਔਰਤ ਨੂੰ ਪਰਿਵਾਰਕ ਕਾਰਨਾਂ ਦੇ ਚੱਲਦਿਆਂ ਉਸ ਦੇ ਦਿਓਰ ਸੰਦੀਪ ਨੇ ਅੱਜ ਸਵੇਰੇ ਗਾਜ਼ੀਆਬਾਦ ਤੋਂ ਆ ਕੇ ਗੋਲੀ ਮਾਰ ਦਿੱਤੀ। ਮਹਿਲਾ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਹਾਲਤ ਗੰਭੀਰ ਹੋਣ ਕਾਰਨ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ। ਪੜਾਓ ਪੁਲੀਸ ਨੇ ਮੁੱਖ ਮੁਲਜ਼ਮ ਸੰਦੀਪ ਸ਼ਰਮਾ ਨੂੰ ਦੇਰ ਸ਼ਾਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਬ-ਇੰਸਪੈਕਟਰ ਹਰਦੇਵ ਸਿੰਘ, ਮੁੱਖ ਸਿਪਾਹੀ ਸਤਬੀਰ ਸਿੰਘ ਤੇ ਹੋਰ ਪੁਲੀਸ ਮੁਲਾਜ਼ਮ ਮੌਕੇ ’ਤੇ ਪਹੁੰਚੇ ਤੇ ਰਚਨਾ ਨੂੰ ਸਿਵਲ ਹਸਪਤਾਲ ਪਹੁੰਚਾਇਆ। ਪੁਲੀਸ ਦਾ ਕਹਿਣਾ ਹੈ ਕਿ ਸੰਦੀਪ ਆਪਣੀ ਭਰਜਾਈ ’ਤੇ ਸ਼ਾਦੀ ਲਈ ਦਬਾਅ ਪਾ ਰਿਹਾ ਸੀ ਅਤੇ ਇਸ ਕਾਰਨ ਹੀ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣਾ ਪੜਾਓ ਦੇ ਐੱਸਐੱਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੰਦੀਪ ਗਾਜ਼ੀਆਬਾਦ ਅਦਾਲਤ ਵਿੱਚ ਟਾਈਪਿਸਟ ਦਾ ਕੰਮ ਕਰਦਾ ਹੈ ਅਤੇ ਮਹਿਲਾ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਹੈ ਤੇ ਮਿਹਨਤ-ਮਜ਼ਦੂਰੀ ਕਰ ਕੇ ਬੱਚੇ ਪਾਲ ਰਹੀ ਹੈ।
ਪੁਲੀਸ ਵੱਲੋਂ ਮੁਲਜ਼ਮ ਗ੍ਰਿਫ਼ਤਾਰ
ਮਹਿਲਾ ਦੇ ਭਰਾ ਦੀਪਕ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੋਸ਼ ਲਾਇਆ ਕਿ ਸੰਦੀਪ ਉਸ ਦੀ ਭੈਣ ਰਚਨਾ ਤੇ ਉਸ ਦੀ ਲੜਕੀ ਦੀਪਿਕਾ ’ਤੇ ਮਾੜੀ ਨਜ਼ਰ ਰੱਖਦਾ ਸੀ ਜਿਸ ਤੋਂ ਤੰਗ ਆ ਕੇ ਉਸ ਦੀ ਭੈਣ ਜੂਨ 2021 ਵਿੱਚ ਬੱਚਿਆਂ ਸਮੇਤ ਇੱਥੇ ਉਨ੍ਹਾਂ ਦੇ ਗੁਆਂਢ ਵਿੱਚ ਕਿਰਾਏ ’ਤੇ ਕਮਰਾ ਲੈ ਕੇ ਰਹਿਣ ਲੱਗੀ। ਉਸ ਨੇ ਦੋਸ਼ ਲਾਇਆ ਕਿ ਜਦੋਂ ਤੋਂ ਉਸ ਦੀ ਭੈਣ ਪੱਕੀ ਸਰਾਏ ਆ ਕੇ ਰਹਿਣ ਲੱਗੀ ਸੀ, ਸੰਦੀਪ ਗਾਜ਼ੀਆਬਾਦ ਤੋਂ ਆ ਕੇ ਧਮਕਾਉਂਦਾ ਸੀ ਕਿ ਉਹ ਰਚਨਾ ਨਾਲ ਸ਼ਾਦੀ ਕਰਨਾ ਚਾਹੁੰਦਾ ਹੈ ਨਹੀਂ ਤਾਂ ਉਹ ਸਭ ਨੂੰ ਜਾਨੋਂ ਮਾਰ ਦੇਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਸਵੇਰੇ ਵੀ ਉਹ 7 ਵਜੇ ਦੇ ਕਰੀਬ ਆਇਆ ਅਤੇ ਝਗੜਾ ਕਰ ਕੇ ਪਿੱਠੂ ਬੈਗ ਵਿੱਚੋਂ ਪਿਸਤੌਲ ਕੱਢ ਕੇ ਰਚਨਾ ’ਤੇ ਗੋਲੀ ਚਲਾ ਦਿੱਤੀ ਤੇ ਸ਼ਿਕਾਇਤਕਰਤਾ ਦੇ ਮੱਥੇ ’ਤੇ ਵੀ ਰੱਖ ਦਿੱਤੀ। ਪੁਲੀਸ ਨੇ ਸੰਦੀਪ ਸ਼ਰਮਾ ਖ਼ਿਲਾਫ਼ ਧਾਰਾ 25, 307 ਤੇ 506 ਤਹਿਤ ਕੇਸ ਦਰਜ ਕਰ ਲਿਆ ਹੈ।