ਜਸਪ੍ਰੀਤ ਸੇਖੋਂ
ਮੰਡੀ ਲੱਖੇਵਾਲੀ, 5 ਜੁਲਾਈ
ਪੰਜਾਬ ਸਰਕਾਰ ਵੱਲੋਂ ਪੇਂਡੂ ਖੇਤਰ ਵਿੱਚ ਉੱਚ ਪੱਧਰੀ ਸਹੂਲਤਾਂ ਮੁਹੱਈਆ ਕਰਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ ’ਤੇ ਸਬ-ਸੈਂਟਰਾਂ ਦੀਆਂ ਇਮਾਰਤਾਂ ਦੇ ਹਾਲਾਤ ਇਨ੍ਹਾਂ ਦਾਅਵਿਆਂ ਦਾ ਮੂੰਹ ਚਿੜਾ ਰਹੇ ਹਨ। ਲੱਖੇਵਾਲੀ ਖੇਤਰ ਦੇ ਆਸ ਪਾਸ ਦੇ ਸਬ-ਸੈਂਟਰ ਲੱਖੇਵਾਲੀ, ਰਾਮਗੜ੍ਹ ਚੂੰਗਾਂ, ਨੰਦਗੜ੍ਹ ਅਤੇ ਚਿੱਬੜਾਂਵਾਲੀ ਆਪਣੀਆਂ ਸੇਵਾਵਾਂ ਦੇ ਰਹੇ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸਬ-ਸੈਂਟਰਾਂ ਦੀਆਂ ਇਮਾਰਤਾਂ ਬਹੁਤ ਪੁਰਾਣੀਆਂ ਹਨ, ਕੁਝ ਸਬ ਸੈਂਟਰ ਪੰਚਾਇਤ ਘਰਾਂ ਵਿੱਚ ਅਤੇ ਪੀਐੱਚਸੀ ਇਮਾਰਤਾਂ ਵਿੱਚ ਚੱਲ ਰਹੇ ਹਨ । ਲੱਖੇਵਾਲੀ ਸਬ-ਸੈਂਟਰ ਦੀ ਇਮਾਰਤ ਸੜਕ ਤੋਂ ਤਕਰੀਬਨ 2 ਫੁੱਟ ਨੀਵੀਂ ਹੋਣ ਕਾਰਨ ਬਾਰਿਸ਼ ਦੇ ਦਿਨਾਂ ਵਿੱਚ ਪਾਣੀ ਨਾਲ ਭਰ ਜਾਣ ਕਰਕੇ ਕਰਮਚਾਰੀਆਂ ਨੂੰ ਬੱਸ ਸਟੈਂਡ ਵਿੱਚ ਬੈਠ ਕੇ ਡਿਊਟੀ ਦੇਣੀ ਪੈਂਦੀ ਹੈ। ਨੰਦਗੜ੍ਹ ਵਿਚਲੇ ਸੈਂਟਰ ਦੀ ਇਮਾਰਤ ਵੀ ਬਹੁਤ ਪੁਰਾਣੀ ਹੋਣ ਕਾਰਨ ਹੋਰ ਜ਼ਰੂਰੀ ਸਹੂਲਤਾਂ ਦੀ ਕਮੀ ਹੈ, ਜਦਕਿ ਰਾਮਗੜ੍ਹ ਚੂੰਗਾਂ ਦਾ ਸਬ-ਸੈਂਟਰ ਪੰਚਾਇਤ ਘਰ ਦੀ ਇਮਾਰਤ ਵਿੱਚ ਚਲ ਰਿਹਾ ਹੈ।
ਇਨ੍ਹਾਂ ਸਬ ਸੈਂਟਰਾਂ ਵਿੱਚ ਪਾਣੀ ਦੇ ਪ੍ਰਬੰਧਾਂ ਦੀ ਘਾਟ ਅਤੇ ਪਖਾਨਿਆਂ ਦੀ ਅਣਹੋਂਦ ਕਾਰਨ ਟੀਕਾਕਰਨ ਲਈ ਆਉਣ ਵਾਲੇ ਬੱਚਿਆਂ ਤੇ ਮਾਪਿਆਂ ਨੂੰ ਗਰਮੀਆਂ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਨਵੀਂਆਂ ਇਮਾਰਤਾਂ ਬਣਾਉਣ ਦੀ ਮੰਗ
ਪਿੰਡ ਨੰਦਗੜ੍ਹ ਦੇ ਸਰਪੰਚ ਗੁਰਜੀਤ ਸਿੰਘ ਸਿਵੀਆ ਨੇ ਦੱਸਿਆ ਕਿ ਪਿੰਡ ਵਿਚਲੇ ਸਬ-ਸੈਂਟਰ ਦੀ ਇਮਾਰਤ ਵੀ ਖਸਤਾ ਹਾਲ ਹੈ। ਉਨ੍ਹਾਂ ਇਸ ਸਬੰਧੀ ਹਲਕਾ ਵਿਧਾਇਕ ਨੂੰ ਜਾਣੂ ਕਰਵਾਇਆ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਤੋਂ ਨਵੀਂ ਇਮਾਰਤ ਬਣਾਉਣ ਦੀ ਮੰਗ ਕੀਤੀ। ਸਮਾਜ ਸੇਵੀ ਅਤੇ ਆਪ ਆਗੂ ਸਿਮਰਜੀਤ ਸਿੰਘ ਬਰਾੜ ਲੱਖੇਵਾਲੀ ਨੇ ਦੱਸਿਆ ਉਹ ਇਸ ਮੰਗ ਸਬੰਧੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੂੰ ਪੱਤਰ ਲਿਖ ਚੁੱਕੇ ਹਨ। ਅਕਾਲੀ ਆਗੂ ਗੁਰਸ਼ਮਿੰਦਰ ਸਿੰਘ ਟੋਨਾ ਲੱਖੇਵਾਲੀ ਨੇ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਇਲਾਕਾ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਕਾਰਨ ਸਬ-ਸੈਂਟਰਾਂ ਦੀਆਂ ਇਮਾਰਤਾਂ ਆਧੁਨਿਕ ਸਹੂਲਤਾਂ ਵਾਲਿਆਂ ਬਣਾਈਆਂ ਜਾਣ।