ਨਿੱਜੀ ਪੱਤਰ ਪ੍ਰੇਰਕ
ਸਿਰਸਾ, 26 ਅਗਸਤ
ਗੁਲਾਬੀ ਸੁੰਡੀ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਸਮੇਤ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਬਿਜਲੀ ਮੰਤਰੀ ਰਣਜੀਤ ਚੌਟਾਲਾ ਦੇ ਘਰ ਅੱਗੇ ਧਰਨਾ ਦਿੱਤਾ। ਧਰਨੇ ’ਤੇ ਬੈਠੇ ਆਗੂਆਂ ਨੇ ਦੋ ਦਿਨ ਅੰਨ ਦਾ ਦਾਣਾ ਮੂੰਹ ਵਿੱਚ ਨਹੀਂ ਪਾਇਆ। ਧਰਨਾ ਦੇ ਰਹੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜੇ ਮੰਤਰੀ ਧਰਨਾਕਾਰੀਆਂ ਲਈ ਖਾਣਾ ਭੇਜਣਗੇ ਤਾਂ ਉਹ ਖਾਣਾ ਖਾਣਗੇ ਨਹੀਂ ਤਾਂ ਭੁੱਖਿਆਂ ਹੀ ਧਰਨਾ ਦੇਣਗੇ। ਕਿਸਾਨ ਆਗੂਆਂ ਨੂੰ ਭੁੱਖਿਆਂ ਦੀ ਦਿਨ ਰਾਤ ਧਰਨਾ ਦੇਣਾ ਪਿਆ। ਕਿਸਾਨਾਂ ਨੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਦੇ ਘਰ ਅੱਗੇ ਧਰਨਾ ਦਿੱਤਾ। ਕਿਸਾਨ ਸ਼ਹੀਦ ਭਗਤ ਸਿੰਘ ਪਾਰਕ ਇਕੱਠੇ ਹੋਣ ਮਗਰੋਂ ਰੋਸ ਪ੍ਰਦਰਸ਼ਨ ਕਰਦੇ ਬਾਬਾ ਭੂਮਣ ਸ਼ਾਹ ਚੌਕ ਪੁੱਜੇ ਸਨ ਜਿਥੇ ਪੁਲੀਸ ਨੇ ਕਿਸਾਨਾਂ ਨੂੰ ਰੋਕ ਲਿਆ। ਪੁਲੀਸ ਨੇ ਕਿਸਾਨਾਂ ਨੂੰ ਕੁੱਝ ਢਿੱਲ ਦਿੰਦਿਆਂ ਚੌਟਾਲਾ ਹਾਊਸ ਨੂੰ ਜਾਂਦੀ ਸੜਕ ’ਤੇ ਕੁਝ ਮੀਟਰ ਜਾਣ ਦੇਣ ਮਗਰੋਂ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਰੋਕ ਲਿਆ ਜਿਥੇ ਕਿਸਾਨਾਂ ਨੇ ਆਪਣਾ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ਦੀ ਅਗਵਾਈ ਸ਼ਿਕੰਦਰ ਸਿੰਘ ਰੋੜੀ, ਭੁਪਿੰਦਰ ਸਿੰਘ ਵੈਦਵਾਲਾ, ਮੈਕਸ ਸਾਹੂਵਾਲਾ ਨੇ ਕੀਤੀ।