ਗੁਰਦੀਪ ਸਿੰਘ ਭੱਟੀ
ਟੋਹਾਣਾ, 9 ਸਤੰਬਰ
ਭਾਰਤੀ ਕਿਸਾਨ ਸਭਾ ਜ਼ਿਲ੍ਹਾ ਇਕਾਈ ਵੱਲੋਂ ਮਿਨੀ ਸਕੱਤਰੇਤ ਦੇ ਸਾਹਮਣੇ ਚੱਲ ਰਿਹਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਕਿਸਾਨ ਮੰਗ ਕਰ ਰਹੇ ਹਨ ਕਿ ਜ਼ਿਲ੍ਹੇ ਹਿਸਾਰ ਵਿੱਚ ਸਫ਼ੈਦ ਮੱਖੀ, ਬਾਰਿਸ਼ ਦੇ ਪਾਨੀ ਨਾਲ ਮੂੰਗੀ, ਬਾਜਰਾ, ਨਰਮੇ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਤੇ ਖੇਤਾਂ ਵਿੱਚ ਪਾਣੀ ਜਮਾਂ ਹੋਣ ਕਰ ਕੇ ਅਗਲੀ ਫ਼ਸਲ ਦੀ ਬਿਜਾਈ ਸੰਭਵ ਨਹੀਂ। ਕਿਸਾਨ ਸਭਾ ਮੰਗ ਕਰਦੀ ਹੈ ਕਿ ਬਰਬਾਦ ਫ਼ਸਲਾਂ ਦੀ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇ ਤੇ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਵਜ਼ਾ ਦਿੱਤਾ ਜਾਵੇ। ਬਾਲਸਮੰਦ ਦੇ ਤਹਿਸੀਲ ਨੂੰ ਕਿਸਾਨ ਵਿਰੋਧੀ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਮਜਬੂਰ ਹੋ ਕੇ ਧਰਨਾ ਮਾਰਿਆ ਹੈ। ਕਿਸਾਨ ਸਭਾ ਦੇ ਮੀਤ ਪ੍ਰਧਾਨ ਸੂਬੇ ਸਿੰਘ ਬੂਰਾ, ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਨੰਬਰਦਾਰ, ਜ਼ਿਲ੍ਹਾ ਸਕੱਤਰ ਧਰਮਵੀਰ ਸਿੰਘ ਅਤੇ ਧਰਨੇ ’ਤੇ ਬੈਠੇ ਸੈਕੜੇ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਲਾਲਪੈਨ ਨਾਲ ਬਰਬਾਦ ਫ਼ਸਲਾਂ ਦੀ ਗਿਰਦਾਵਰੀ ਨਹੀਂਂ ਕੀਤੀ ਜਾਂਦੀ ਉਹ ਧਰਨੇ ’ਤੇ ਡੱਟੇ ਰਹਿਣਗੇ। ਡਿਪਟੀ ਕਮਿਸ਼ਨਰ ਵੱਲੋ ਕਿਸਾਨਾਂ ਨਾਲ ਗਲਬਾਤ ਬੇਸਿੱਟਾ ਰਹਿਣ ਤੇ ਕਿਸਾਨਾ ਨੇ ਸ਼ਾਮ ਤਕ ਜ਼ੋਰਦਾਰ ਨਾਅਰੇੇਬਾਜ਼ੀ ਕੀਤੀ।