ਦੇਵਿੰਦਰ ਸਿੰਘ
ਯਮੁਨਾਨਗਰ, 12 ਸਤੰਬਰ
ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵਰਤ ਦੇ ਨਿਰਦੇਸ਼ਾਂ ਤੇ ਗੁਜਰਾਤ ਦੇ 33 ਜ਼ਿਲ੍ਹਿਆਂ ਦੇ ਕਿਸਾਨਾਂ ਨੇ ਅੱਜ ਇੱਥੋਂ ਦੇ ਪਿੰਡ ਦਾਮਲਾ ਦਾ ਦੌਰਾ ਕੀਤਾ। 21 ਦਿਨਾਂ ਤੱਕ ਰਾਸ਼ਟਰਪਤੀ ਦੇ ਮਹਿਮਾਨ ਰਹੇ ਕਿਸਾਨ ਧਰਮਵੀਰ ਦੀ ਰਿਹਾਇਸ਼ ’ਤੇ ਜਾ ਕੇ ਉਨ੍ਹਾਂ ਤੋਂ ਆਧੁਨਿਕ ਖੇਤੀ ਸਬੰਧੀ ਸੁਝਾਅ ਲਏ। ਇਸ ਦੌਰਾਨ ਗੁਜਰਾਤ ਦੇ ਕਿਸਾਨਾਂ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਿਆ ਕਿ ਕਿਵੇਂ ਰਿਕਸ਼ਾ ਚਾਲਕ ਧਰਮਵੀਰ ਸਫਲ ਕਿਸਾਨ ਬਣਿਆ ਅਤੇ ਕਿਵੇਂ ਉਸ ਨੇ ਐਸੀਆਂ ਵੱਖ-ਵੱਖ ਮਸ਼ੀਨਾਂ ਦਾ ਨਿਰਮਾਣ ਕੀਤਾ ਜਿਨ੍ਹਾਂ ਦੀ ਨਾ ਸਿਰਫ਼ ਅਪਣੇ ਦੇਸ਼ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਸਪਲਾਈ ਕੀਤੀ ਜਾਂਦੀ ਹੈ। ਮੁਲਾਕਾਤ ਦੌਰਾਨ ਕਿਸਾਨਾਂ ਨੇ ਜਿੱਥੇ ਧਰਮਵੀਰ ਤੋਂ ਉਨ੍ਹਾਂ ਵੱਲੋਂ ਹੁਣ ਤੱਕ ਬਣਾਈਆਂ ਗਈਆਂ ਮਸ਼ੀਨਾਂ ਦੀ ਤਕਨੀਕ ਬਾਰੇ ਜਾਣਕਾਰੀ ਹਾਸਲ ਕੀਤੀ, ਉੱਥੇ ਹੀ ਇਨ੍ਹਾਂ ਮਸ਼ੀਨਾਂ ਨਾਲ ਬਣੀਆਂ ਵਸਤੂਆਂ ਜਿਵੇਂ ਤੁਲਸੀ ਦਾ ਰਸ, ਆਂਵਲੇ ਦਾ ਤੇਲ, ਜੂਸ, ਮੁਰੱਬਾ ਅਤੇ ਜਾਮਣ ਦੇ ਜੂਸ ਤੋਂ ਇਲਾਵਾ ਅਮਰੂਦ ਅਤੇ ਕੇਲੇ ਤੋਂ ਕੈਂਡੀ ਵੀ ਤਿਆਰ ਹੁੰਦੀ ਵੇਖੀ। ਧਰਮਵੀਰ ਨੇ ਦੱਸਿਆ ਕਿ ਗੁਜਰਾਤ ਦੇ ਕਿਸਾਨਾਂ ਨੂੰ ਗੁਰੂਕੁਲ ਕੁਰੂਕਸ਼ੇਤਰ ਤੋਂ ਕਿਸਾਨ ਰਾਮ ਨਿਵਾਸ ਲੈ ਕੇ ਆਏ ਹਨ ਜੋ ਕਿ ਗੁਰੂਕੁਲ ਵਿੱਚ ਪ੍ਰਕ੍ਰਿਤਕ ਖੇਤੀ ਦੀ ਦੇਖਭਾਲ ਕਰਦੇ ਹਨ। ਗੁਜਰਾਤੀ ਕਿਸਾਨਾਂ ਨੇ ਦੱਸਿਆ ਉਹ ਕਿ ਪਹਿਲਾਂ ਗੁਰਕੁਲ ਕੁਰੂਕਸ਼ੇਤਰ ਵਿੱਚ ਕੀਤੀ ਜਾ ਰਹੀ ਪ੍ਰਕ੍ਰਿਤਕ ਖੇਤੀ ਵੇਖਣ ਲਈ ਗਏ ਸੀ ਅਤੇ ਨਾਲ ਹੀ ਇੱਕ ਮਸ਼ੀਨ ਤੋਂ 100 ਉਤਪਾਦ ਕਿਵੇਂ ਬਣਦੇ ਹਨ ਵੇਖਣ ਲਈ ਪਿੰਡ ਦਾਮਲਾ ਵਿੱਚ ਆਏ ਹਨ । ਗੁਜਰਾਤ ਤੋਂ ਆਏ ਕਿਸਾਨਾਂ ਵਿੱਚ ਅਸ਼ਵਨੀ, ਐਮਐਮ ਨਾਇਕ, ਨੀਲੇਸ਼, ਅਜੀਤ ਸਿੰਘ ਸੋਲੰਕੀ, ਰਾਮਜੀ ਭਾਈ ਪਟੇਲ, ਅਮਿਤ ਪਟੇਲ, ਸ਼ੈਲੇਸ਼ ਪਟੇਲ, ਦਿਨੇਸ਼ ਪਟੇਲ, ਆਈਆਰ ਪਟੇਲ, ਕੇਪੀ ਪਟੇਲ, ਡੀਕੇ ਪਟੇਲ, ਜੀਕੇ ਰੁਪਾਨੀ, ਭੀਖਾਭਾਈ ਅਤੇ ਹੋਰ ਸ਼ਾਮਲ ਸਨ ।