ਰਤਨ ਸਿੰਘ ਢਿੱਲੋਂ
ਅੰਬਾਲਾ, 4 ਫਰਵਰੀ
ਮੀਂਹ ਅਤੇ ਠੰਢ ਦੇ ਬਾਵਜੂਦ ਸ਼ੰਭੂ ਟੌਲ ਪਲਾਜ਼ਾ ’ਤੇ ਧਰਨਾ ਦੇ ਰਹੇ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਥੇ 24 ਘੰਟੇ ਲੰਗਰ ਦੀ ਸੇਵਾ ਚੱਲ ਰਹੀ ਹੈ। ਪੰਜਾਬ ਤੋਂ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ’ਤੇ ਜਾ ਰਹੇ ਕਿਸਾਨਾਂ ਨੂੰ ਲੰਗਰ ਛਕਾਇਆ ਜਾਂਦਾ ਹੈ ਤੇ ਰਾਹਗੀਰਾਂ ਨੂੰ ਵੀ ਹੱਥ ਜੋੜ ਕੇ ਲੰਗਰ ਛਕਣ ਦੀ ਬੇਨਤੀ ਕੀਤੀ ਜਾਂਦੀ ਹੈ। ਲੰਗਰ ਦੀ ਸੇਵਾ ਕਰ ਰਹੇ ਲਖਨੌਰ ਸਾਹਿਬ ਦੇ ਸਰਪੰਚ ਇੰਦਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਖਰਾਬ ਮੌਸਮ ਦੀ ਕੋਈ ਪ੍ਰਵਾਹ ਨਹੀਂ ਹੈ ਤੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣਾ ਤਾਨਾਸ਼ਾਹ ਰਵੱਈਆ ਛੱਡਣਾ ਚਾਹੀਦਾ ਹੈ ਤੇ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।
ਪੰਚਕੂਲਾ (ਪੀਪੀ ਵਰਮਾ): ਚੰਡੀਮੰਦਰ ਅਤੇ ਨੱਗਲ (ਬਰਵਾਲਾ) ਟੌਲ ਪਲਾਜ਼ਿਆਂ ਉੱਤੇ ਭਾਰਤੀ ਕਿਸਾਨ ਯੂਨੀਅਨ ਦਾ ਧਰਨਾ ਜਾਰੀ ਹੈ। ਚੰਡੀਮੰਦਰ ਟੌਲ ਪਲਾਜ਼ਾ ਅੱਜ ਵੀ ਵਾਹਨਾਂ ਲਈ ਟੌਲ-ਮੁਕਤ ਰਿਹਾ। ਯੂਨੀਅਨ ਦੇ ਬਲਾਕ ਪ੍ਰਧਾਨ ਕਰਮ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ। ਇਸ ਸਬੰਧੀ ਬਲਾਕ ਪਿੰਜੌਰ ਦੇ ਕਿਸਾਨਾਂ ਨਾਲ ਲਗਾਤਾਰ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 6 ਫਰਵਰੀ ਨੂੰ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ ਤਿੰਨ ਵਜੇ ਤੱਕ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਪਿੰਜੌਰ ਵਿੱਚ ਚੱਕਾ ਜਾਮ ਕੀਤਾ ਜਾਵੇਗਾ। ਇਸੇ ਤਰ੍ਹਾਂ ਹੀ ਨੱਗਲ ਟੋਲ ਪਲਾਜ਼ਾ ਵੀ ਵਾਹਨਾਂ ਲਈ ਟੋਲ-ਮੁਕਤ ਰਿਹਾ।
ਸੜਕਾਂ ’ਤੇ ਲਾਏ ਸਰੀਏ ਤੇ ਕਿੱਲ ਪੁੱਟਣ ਦੀ ਕਾਰਵਾਈ ਸ਼ੁਰੂ
ਸਿੰਘੂ ਬਾਰਡਰ ਤੋਂ ਵਾਪਸ ਆਏ ਕਿਸਾਨ ਆਗੂ ਮਲਕੀਤ ਸਿੰਘ ਨੇ ਦੱਸਿਆ ਕਿ ਕੌਮਾਂਤਰੀ ਪੱਧਰ ’ਤੇ ਸਰਕਾਰ ਦੀ ਬੇਇਜ਼ਤੀ ਹੋ ਰਹੀ ਹੈ ਜਿਸ ਕਾਰਨ ਸੜਕਾਂ ’ਤੇ ਲਾਏ ਸਰੀਏ ਤੇ ਕਿੱਲ ਪੁੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਸ਼ੰਭੂ ਟੌਲ ਪਲਾਜ਼ਾ ’ਤੇ ਮੋਰਚਾ ਵਧੀਆ ਚੱਲ ਰਿਹਾ ਹੈ ਅਤੇ 6 ਫਰਵਰੀ ਨੂੰ 12 ਤੋਂ 3 ਵਜੇ ਤੱਕ ਜੀਟੀ ਰੋਡ ਅਤੇ ਸਾਹਾ-ਸ਼ਾਹਜ਼ਾਦਪੁਰ ਰੋਡ ’ਤੇ ਕੜਾਸਨ ਵਿਚ ਜਾਮ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 26 ਜਨਵਰੀ ਤੋਂ ਕੁਝ ਆਦਮੀ ਗਾਇਬ ਹਨ ਤੇ ਉਨ੍ਹਾਂ ਨੂੰ ਲੱਭਣ ਲਈ ਟੀਮਾਂ ਲਾਈਆਂ ਹੋਈਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਮਾੜੀ ਨੀਤੀ ’ਤੇ ਉੱਤਰ ਆਈ ਹੈ। ਜੋ ਵੀ ਸਰਕਾਰ ਖ਼ਿਲਾਫ਼ ਬੋਲਦਾ ਹੈ, ਉਸ ਦੇ ਪਰਿਵਾਰ ਨੂੰ ਤੰਗ ਕੀਤਾ ਜਾ ਰਿਹਾ ਹੈ।