ਪ੍ਰਭੂ ਦਿਆਲ
ਸਿਰਸਾ, 13 ਫਰਵਰੀ
ਅੱਜ ਇਥੇ ਮਰਹੂਮ ਪੱਤਰਕਾਰ ਰਾਮ ਚੰਤਰ ਛਤਰਪਤੀ ਦੀ ਪਤਨੀ ਕੁਲਵੰਤ ਕੌਰ ਦੇ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੇ ਪੱਤਰਕਾਰਾਂ, ਸਮਾਜਿਕ, ਸਿਆਸੀ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ। ਦੱਸਣਯੋਗ ਹੈ ਕਿ ਬੀਤੇ ਦਿਨੀਂ ਸ੍ਰੀਮਤੀ ਕੁਲਵੰਤ ਕੌਰ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਖੱਬੇਪੱਖੀ ਆਗੂ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਛਤਰਪਤੀ ਪਰਿਵਾਰ ਨੇ ਡੇਰਾ ਮੁਖੀ ਖ਼ਿਲਾਫ਼ 15 ਸਾਲ ਤੱਕ ਲੰਮੀ ਕਾਨੂੰਨੀ ਲੜਾਈ ਲੜ ਕੇ ਇਕ ਮਿਸਾਲ ਕਾਇਮ ਕੀਤੀ ਹੈ। ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਕਿਹਾ ਕਿ ਉਸ ਦੇ ਪਰਿਵਾਰ ਨੇ ਧਰਮ ਦੀ ਆੜ ਹੇਠ ਚੱਲ ਰਹੇ ਪਾਖੰਡ ਬਾਰੇ ਪਹਿਲਾਂ ਵੀ ਹਿੰਮਤ ਨਾਲ ਲੜਾਈ ਲੜੀ ਹੈ ਤੇ ਅੱਗੇ ਵੀ ਉਹ ਆਪਣੀ ਲੜਾਈ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੂੰ ਮਿਲੀ ਫਰਲੋ ਖ਼ਿਲਾਫ਼ ਉਹ ਆਪਣੀ ਕਾਨੂੰਨੀ ਲੜਾਈ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ ਸਾਲ 2002 ਵਿੱਚ ਡੇਰਾ ਸਿਰਸਾ ਦੇ ਤਿੰਨ ਅਨੁਯਾਈਆਂ ਨੇ ਪੱਤਰਕਾਰ ਰਾਮ ਚੰਦਰ ਛਤਰਪਤੀ ਨੂੰ ਡੇਰੇ ਖ਼ਿਲਾਫ਼ ਲਿਖੀ ਖ਼ਬਰ ਦਾ ਸਬਕ ਸਿਖਾਉਣ ਲਈ ਗੋਲੀਆਂ ਮਾਰ ਦਿੱਤੀਆਂ ਸਨ, ਕਰੀਬ ਇਕ ਮਹੀਨੇ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਡੇਰਾ ਮੁਖੀ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਬੀਤੇ ਦਿਨੀਂ ਡੇਰਾ ਮੁਖੀ ਨੂੰ ਸੁਨਾਰੀਆ ਜੇਲ੍ਹ ਤੋਂ 21 ਦਿਨਾਂ ਲਈ ਫਰਲੋ ਦਿੱਤੀ ਗਈ ਹੈ, ਜਿਸ ਖ਼ਿਲਾਫ਼ ਅੰਸ਼ੁਲ ਛਤਰਪਤੀ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਏ ਜਾਣ ਦੀ ਗੱਲ ਕਹੀ ਗਈ ਹੈ।