ਆਤਿਸ਼ ਗੁਪਤਾ
ਚੰਡੀਗੜ੍ਹ, 28 ਫਰਵਰੀ
ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਤਿੰਨ ਹਫ਼ਤਿਆਂ ਦੀ ਪੈਰੋਲ ਤੋਂ ਬਾਅਦ ਮੁੜ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਪਹੁੰਚ ਗਿਆ ਹੈ। ਡੇਰਾ ਮੁਖੀ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਗੁਰੂਗ੍ਰਾਮ ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਲਿਆਂਦਾ ਗਿਆ। ਉਹ ਸਵੇਰੇ 11.50 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜੇਲ੍ਹ ਪਹੁੰਚਿਆ। ਇਸ ਦੌਰਾਨ ਪੁਲੀਸ ਨੇ ਗੁਰੂਗ੍ਰਾਮ ਤੋਂ ਲੈ ਕੇ ਸੁਨਾਰੀਆ ਜੇਲ੍ਹ ਤੱਕ ਸੜਕ ’ਤੇ ਵੀ ਭਾਰੀ ਪੁਲੀਸ ਬਲ ਲਗਾਇਆ ਹੋਇਆ ਸੀ। ਦੱਸਣਯੋਗ ਹੈ ਕਿ 25 ਅਗਸਤ 2017 ਨੂੰ ਪੰਚਕੂਲਾ ਵਿੱਚ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਹੱਤਿਆ ਅਤੇ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤਾ ਸੀ। ਉਸ ਤੋਂ ਬਾਅਦ ਉਸ ਨੂੰ ਸੁਨਾਰੀਆ ਜੇਲ੍ਹ ਭੇਜ ਦਿੱਤਾ ਗਿਆ ਸੀ। 27 ਅਗਸਤ 2017 ਨੂੰ ਸੀਬੀਆਈ ਦੀ ਅਦਾਲਤ ਨੇ ਇਸ ਸਬੰਧੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਸੀ। ਇਸ ਦੌਰਾਨ ਡੇਰਾ ਮੁਖੀ ਵੱਲੋਂ ਕਈ ਵਾਰ ਪੈਰੋਲ ਦੀ ਮੰਗ ਕੀਤੀ ਗਈ, ਪਰ ਹਰਿਆਣਾ ਦੇ ਜੇਲ੍ਹ ਪ੍ਰਸ਼ਾਸਨ ਨੇ ਛੇ ਵਾਰ ਉਸ ਦੀ ਅਰਜ਼ੀ ਨਾਮਨਜ਼ੂਰ ਕਰ ਦਿੱਤੀ। ਅਖੀਰ 7 ਫਰਵਰੀ ਨੂੰ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ ਪਰ ਜੇਲ੍ਹ ਪ੍ਰਸ਼ਾਸਨ ਨੇ ਪੈਰੋਲ ਦੌਰਾਨ ਡੇਰਾ ਮੁਖੀ ਨੂੰ ਗੁਰੂਗ੍ਰਾਮ ਸਥਿਤ ਡੇਰੇ ਵਿੱਚ ਹੀ ਠਹਿਰਨ ਦੇ ਹੁਕਮ ਦਿੱਤੇ ਸਨ। ਪੈਰੋਲ ਦੌਰਾਨ ਹਰਿਆਣਾ ਸਰਕਾਰ ਨੇ ਖਾਲਿਸਤਾਨ ਪੱਖੀ ਅਨਸਰਾਂ ਤੋਂ ਜਾਨ ਦਾ ਖ਼ਤਰਾ ਹੋਣ ਦੀ ਗੱਲ ਆਖ ਕੇ ਡੇਰਾ ਮੁਖੀ ਨੂੰ ਜ਼ੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਸੀ। ਸਿਆਸੀ ਪਾਰਟੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਮੁਖੀ ਨੂੰ ਪੈਰੋਲ ਦਿੱਤੇ ਜਾਣ ’ਤੇ ਇਤਰਾਜ਼ ਕੀਤਾ ਸੀ। ਇਸ ਤੋਂ ਪਹਿਲਾਂ ਪਿਛਲੇ ਸਾਲ ਡੇਰਾ ਮੁਖੀ ਨੂੰ ਉਸ ਦੀ ਬਿਮਾਰ ਮਾਂ ਨਾਲ ਮੁਲਾਕਾਤ ਕਰਨ ਲਈ ਇਕ ਦਿਨ ਦੀ ਪੈਰੋਲ ਦਿੱਤੀ ਗਈ ਸੀ। ਇਸ ਤੋਂ ਇਲਾਵਾ ਸਿਹਤ ਠੀਕ ਨਾ ਹੋਣ ਕਰ ਕੇ ਡੇਰਾ ਮੁਖੀ ਨੂੰ ਇਲਾਜ ਲਈ ਕਈ ਵਾਰ ਹਸਪਤਾਲ ਵੀ ਲਿਜਾਂਦਾ ਗਿਆ ਸੀ।